ਰਾਏਕੋਟ, 17 ਜੂਨ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਇਲਾਕੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ (ਰਜਿ:) ਰਾਏਕੋਟ ਵਲੋਂ ਡਾ: ਕਰਵਿੰਦਰ ਸਿੰਘ ਯੂ.ਕੇ. ਦੇ ਉੱਦਮ ਸਦਕਾ 4 ਰੋਜ਼ਾ ਸਮਰ ਕੈਂਪ ਸਥਾਨਕ ਜਗਰਾਉਂ ਰੋਡ 'ਤੇ ਸਥਿਤ ਗੁਰਦੁਆਰਾ ਭਗਤ ਰਵਿਦਾਸ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਦੇ ਚੇਅਰਮੈਨ ਮਾ. ਪ੍ਰੀਤਮ ਸਿੰਘ ਬਰ੍ਹਮੀ ਨੇ ਦੱਸਿਆ ਕਿ ਇਹ ਸਮਰ ਕੈਂਪ ਮਿਤੀ 18 ਜੂਨ ਤੋਂ 21 ਜੂਨ ਤੱਕ ਲਗਾਇਆ ਜਾ ਰਿਹਾ ਹੈ | ਇਸ ਕੈਂਪ ਦੌਰਾਨ ਗੁਰਮੁੱਖੀ ਲਿੱਪੀ ਦੀ ਸੁੰਦਰ ਲਿਖਤ, ਨੈਤਿਕ ਕਦਰਾਂ-ਕੀਮਤਾਂ, ਚਿੱਤਰਕਾਰੀ ਦੀ ਸਿਖਲਾਈ, ਗੁਰਮਤਿ ਰਹਿਣੀ-ਬਹਿਣੀ, ਉਸਾਰੂ ਸਾਹਿਤ, ਕੀਰਤਨ, ਦਸਤਾਰ ਤੇ ਗੱਤਕਾ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ ਆਦਿ ਦੀ ਸਿਖਲਾਈ ਨਿਸ਼ਕਾਮ ਰੂਪ ਵਿਚ ਦਿੱਤੀ ਜਾਵੇਗੀ | ਉਨ੍ਹਾਂ ਬੱਚਿਆਂ ਤੇ ਨੌਜਵਾਨਾਂ ਨੂੰ ਸਮਰ ਕੈਂਪ ਬਾਰੇ ਉਤਸ਼ਾਹਿਤ ਕਰਦਿਆਂ ਆਖਿਆ ਕਿ ਉਹ ਵੱਧ-ਚੜ੍ਹਕੇ ਕੈਂਪ ਵਿਚ ਸ਼ਮੂਲੀਅਤ ਕਰਨ | ਸਮਰ ਕੈਂਪ ਦੌਰਾਨ ਭਾਗ ਲੈਣ ਵਾਲੇ ਸਮੂਹ ਸਿੱਖਿਆਰਥੀਆਂ ਦੀ ਪ੍ਰਸੰਸਾ ਪੱਤਰ ਦੇ ਕੇ ਹੌਂਸਲਾ ਅਫ਼ਜਾਈ ਵੀ ਕੀਤੀ ਜਾਵੇਗੀ | ਇਸ ਮੌਕੇ ਪ੍ਰਧਾਨ ਉਲਵਿੰਦਰ ਸਿੰਘ, ਸੈਕਟਰੀ ਸਾਬਰ ਅਲੀ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਚੀਮਾ, ਸੈਕਟਰੀ ਕਰਮਜੀਤ ਸਿੰਘ ਸਾਬਕਾ ਡਿਪਟੀ ਡਾਇਰੈਕਟਰ, ਮੁਖਤਿਆਰ ਸਿੰਘ ਛਾਪਾ, ਗੁਲਾਬ ਸਿੰਘ, ਗੁਰਚੇਤ ਸਿੰਘ, ਹਰਜੀਤ ਸਿੰਘ ਸਰਾਂ, ਰਾਜਪਾਲ ਸਿੰਘ ਬਰ੍ਹਮੀ, ਕੁਲਦੀਪ ਸਿੰਘ ਨੱਥੋਵਾਲ, ਬ੍ਰਹਮਾ ਸਿੰਘ, ਬਲਵੀਰ ਸਿੰਘ ਆਦਿ ਮੌਜੂਦ ਸਨ |