07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਪੰਚਾਇਤੀ ਵਿਭਾਗ ਨੇ ਪਿੰਡ ਪੱਤੀ ਮੁਲਤਾਨੀ ਦੀ ਪੰਚਾਇਤੀ ਜ਼ਮੀਨ ਦੱਸ ਕੇ ਲੋਕਾਂ ਦੇ ਕਬਜ਼ੇ ਹੇਠਲੇ ਕਰੀਬ 40 ਏਕੜ ਰਕਬੇ ਦੀ ਨਿਸ਼ਾਨਦੇਹੀ ਕਰਵਾਈ

ਅਜੀਤ ਡੈਸਕ 20-06-2025
ਸਿੱਧਵਾਂ ਬੇਟ, 19 ਜੂਨ (ਜਸਵੰਤ ਸਿੰਘ ਸਲੇਮਪੁਰੀ)-ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਜਗਰਾਉਂ ਸੁਖਦੀਪ ਸਿੰਘ ਗਰੇਵਾਲ ਅੱਜ ਆਪਣੇ ਨਾਲ ਮਾਲ ਮਹਿਕਮੇ ਦੇ ਕਰਮਚਾਰੀਆਂ ਨੂੰ ਲੈ ਕੇ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਚੌਂਕੀ ਗਿੱਦੜਵਿੰਡੀ ਦੇ ਪਿੰਡ ਪੱਤੀ ਮੁਲਤਾਨੀ ਪੁੱਜੇ ਅਤੇ ਉਨ੍ਹਾਂ ਨੇ ਲੋਕਾਂ ਦੇ ਕਬਜ਼ੇ ਹੇਠ ਕਰੀਬ 40 ਏਕੜ ਜ਼ਮੀਨ ਨੂੰ ਪੰਚਾਇਤ ਦੀ ਮਾਲਕੀ ਦੱਸ ਕੇ ਮਾਲ ਮਹਿਕਮੇ ਤੋਂ ਇਸ ਦੀ ਨਿਸ਼ਾਨਦੇਹੀ ਕਰਵਾਈ ਅਤੇ ਖੰਭੇ ਵਗੈਰਾ ਲਗਾ ਦਿੱਤੇ | ਇਸ ਜ਼ਮੀਨ ਵਿਚ ਲੋਕਾਂ ਵਲੋਂ ਝੋਨਾ ਲਗਾਇਆ ਜਾ ਰਿਹਾ ਹੈ ਅਤੇ ਕਈ ਕਿਸਾਨਾਂ ਨੇ ਹੋਰ ਫ਼ਸਲਾਂ ਬੀਜੀਆਂ ਹੋਈਆਂ ਹਨ | ਇਸ ਮੌਕੇ ਬਲਾਕ ਅਧਿਕਾਰੀ ਨੇ ਦਾਅਵਾ ਕੀਤਾ ਕਿ ਇਹ ਜ਼ਮੀਨ ਪਿੰਡ ਪੱਤੀ ਮੁਲਤਾਨੀ ਦੀ ਪੰਚਾਇਤ ਦੇ ਨਾਮ ਬੋਲਦੀ ਹੈ ਅਤੇ ਅਸੀਂ ਹੁਣ ਮਾਲ ਮਹਿਕਮੇ ਰਾਹੀਂ ਇਸ ਰਕਬੇ ਦੀ ਨਿਸ਼ਾਨਦੇਹੀ ਕਰਵਾ ਕੇ ਕਾਬਜ਼ਦਾਰਾਂ ਨੂੰ ਜ਼ਮੀਨ ਖਾਲੀ ਕਰਨ ਲਈ ਕਿਹਾ ਹੈ | ਇਸ ਮੌਕੇ ਪਿੰਡ ਦੀ ਮਹਿਲਾ ਸਰਪੰਚ ਜਸਮੀਤ ਕੌਰ ਦੇ ਪਤੀ ਸੁਖਵੀਰ ਸਿੰਘ ਨੇ ਵੀ ਮਹਿਕਮੇ ਦਾ ਧੰਨਵਾਦ ਕਰਦੇ ਹੋਏ ਆਖਿਆ ਕਿ ਪਿੰਡ ਵਿਚਲੀ ਕੋਈ ਵੀ ਸ਼ਾਮਲਾਟ ਜ਼ਮੀਨ ਪੰਚਾਇਤ ਦੀ ਮਾਲਕੀ ਹੁੰਦੀ ਹੈ | ਉਨ੍ਹਾਂ ਦਾਅਵਾ ਕੀਤਾ ਕਿ ਇਹ ਰਕਬਾ ਪੰਚਾਇਤ ਦਾ ਹੈ ਅਤੇ ਜਿਸ 'ਤੇ ਲੋਕਾਂ ਨੇ ਲੰਬੇ ਸਮੇਂ ਤੋਂ ਕਬਜ਼ਾ ਕੀਤਾ ਹੋਇਆ ਹੈ ਪਰ ਹੁਣ ਉਨ੍ਹਾਂ ਨੂੰ ਇਹ ਜ਼ਮੀਨ ਪੰਚਾਇਤ ਦੇ ਹਵਾਲੇ ਕਰਨੀ ਪਵੇਗੀ | ਦੂਜੇ ਪਾਸੇ ਇਸ ਜ਼ਮੀਨ 'ਤੇ ਕਾਬਜ਼ ਲੋਕਾਂ ਦਾ ਗੁੱਸਾ ਵੀ ਸੱਤ ਅਸਮਾਨ 'ਤੇ ਪੁੱਜ ਚੁੱਕਾ ਹੈ | ਉਨ੍ਹਾਂ ਇਹ ਤਾਂ ਮੰਨਿਆਂ ਕਿ ਇਹ ਜ਼ਮੀਨ ਨਾ ਤਾਂ ਸਾਡੀ ਮਾਲਕੀ ਹੈ ਅਤੇ ਨਾ ਹੀ ਪੰਚਾਇਤ ਇਸ ਜ਼ਮੀਨ ਦੀ ਮਾਲਕ ਹੈ | ਇਹ ਰਕਬਾ ਬੁੱਢੇ ਨਾਲੇ ਦਾ ਹੈ | ਪਹਿਲਾਂ ਇਸ ਰਕਬੇ ਵਿਚ ਬੁੱਢਾ ਨਾਲ ਚੱਲਦਾ ਸੀ ਅਤੇ ਇਕ ਰਸਤਾ ਵੀ ਸੀ, ਪਰ ਜਦੋਂ ਬੁੱਢੇ ਨਾਲੇ ਦਾ ਪਾਣੀ ਸਤਲੁਜ ਵਿਚ ਪੈ ਗਿਆ ਉਸ ਤੋਂ ਬਾਅਦ ਅਸੀਂ ਇਸ ਰਕਬੇ ਵਿਚ ਫ਼ਸਲ ਬੀਜਣੀ ਸ਼ੁਰੂ ਕਰ ਦਿੱਤੀ | ਉਨ੍ਹਾਂ ਨੇ ਮੰਗ ਕੀਤੀ ਕਿ ਸਾਡੇ ਨਾਲ ਧੱਕੇਸ਼ਾਹੀ ਨਾ ਕੀਤੀ ਜਾਵੇ ਅਸੀਂ ਮੁਆਵਜ਼ਾ ਦੇਣ ਨੂੰ ਤਿਆਰ ਹਾਂ | ਇਸ ਮੌਕੇ ਕਾਨੂੰਗੋ ਨਿਰਮਲ ਸਿੰਘ, ਪਟਵਾਰੀ ਜਗਤਾਰ ਸਿੰਘ, ਸੈਕਟਰੀ ਰਾਕੇਸ਼ ਕੁਮਾਰ ਰਾਜੂ ਵੀ ਮੌਜ਼ੂਦ ਸਨ |
ਪਿਛਲੀ ਖ਼ਬਰ ਸ੍ਰੀ ਜਗਨਨਾਥ ਰੱਥ ਯਾਤਰਾ ਮੰਤਰੀ ਸੌਂਦ ਹੋਣਗੇ ਮੁੱਖ ਮਹਿਮਾਨ ਅਗਲੀ ਖ਼ਬਰ ਹਜ਼ਾਰਾਂ ਏਕੜ ਜ਼ਮੀਨ ਐਕਵਾਇਰ ਕਰਨ ਦਾ ਪੰਜਾਬ ਕਿਸਾਨ ਯੂਨੀਅਨ ਕਰੇਗੀ ਡੱਟਵਾਂ ਵਿਰੋਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।