ਖੰਨਾ, 19 ਜੂਨ (ਹਰਜਿੰਦਰ ਸਿੰਘ ਲਾਲ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖੰਨਾ ਵਿਚ ਭਗਵਾਨ ਸ਼੍ਰੀ ਜਗਨਨਾਥ ਜੀ ਦੀ 9ਵੀਂ ਰੱਥ ਯਾਤਰਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕੱਢੀ ਜਾਵੇਗੀ | ਇਹ ਪਵਿੱਤਰ ਯਾਤਰਾ 1 ਜੁਲਾਈ ਨੂੰ ਕੱਢੀ ਜਾ ਰਹੀ ਹੈ | ਇਸ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ | ਅੱਜ ਇਸ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਦੀ ਪ੍ਰਧਾਨਗੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪਵਨ ਸਚਦੇਵਾ ਨੇ ਕੀਤੀ | ਉਨ੍ਹਾਂ ਦੱਸਿਆ ਕਿ ਰੱਥ ਯਾਤਰਾ 1 ਜੁਲਾਈ ਨੂੰ ਦੁਪਹਿਰ 1 ਵਜੇ ਅਮਲੋਹ ਰੋਡ ਸਥਿਤ ਸਬਜ਼ੀ ਮੰਡੀ ਤੋਂ ਸ਼ੁਰੂ ਹੋਵੇਗੀ ਅਤੇ ਰਾਤ ਨੂੰ ਸਮਾਧੀ ਰੋਡ, ਕੋਰਟ ਕੰਪਲੈਕਸ ਨੇੜੇ ਸਮਾਪਤ ਹੋਵੇਗੀ | ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਇਸ ਰੱਥ ਯਾਤਰਾ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ | ਇਸ ਤੋਂ ਇਲਾਵਾ ਸੰਸਦ ਮੈਂਬਰ ਡਾ. ਅਮਰ ਸਿੰਘ, ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਸਾਬਕਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ, ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ, ਐਸ. ਐਸ. ਪੀ. ਡਾ. ਜੋਤੀ ਯਾਦਵ, ਏ. ਡੀ. ਸੀ. ਸ਼ਿਖਾ ਭਗਤ ਅਤੇ ਐਸ. ਡੀ. ਐਮ. ਡਾ. ਬਰਜਿੰਦਰ ਸਿੰਘ ਢਿੱਲੋਂ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਣਗੇ |