ਜੋਧਾਂ ਪੁਲਿਸ ਵਲੋਂ ਨਸ਼ੇ ਦੇ ਆਦੀ ਨੌਜਵਾਨ ਖ਼ਿਲਾਫ਼ ਮਾਮਲਾ ਦਰਜ
ਅਜੀਤ ਡੈਸਕ
22-06-2025
ਜੋਧਾਂ, 21 ਜੂਨ (ਗੁਰਵਿੰਦਰ ਸਿੰਘ ਹੈਪੀ)-ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪੁਲਿਸ ਥਾਣਾ ਜੋਧਾਂ ਦੀ ਪੁਲਿਸ ਵਲੋਂ ਇਕ ਨੌਜਵਾਨ ਖ਼ਿਲਾਫ਼ ਐੱਨ.ਡੀ.ਪੀ.ਐੱਸ ਐਕਟ ਤਹਿਤ ਮਾਮਲਾ ਦਰਜ ਕਰਨ ਦਾ ਸਮਾਚਾਰ ਹੈ, ਪਰ ਨੌਜਵਾਨ ਪਾਸੋਂ ਪੁਲਿਸ ਨੂੰ ਕੋਈ ਵੀ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋਇਆ | ਪ੍ਰਾਪਤ ਜਾਣਕਾਰੀ ਅਨੁਸਾਰ ਗੁਰਚਰਨ ਸਿੰਘ ਐੱਸ.ਆਈ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਸ਼ਹਿਜਾਦ ਤੋਂ ਮਨਸੂਰਾਂ ਦਾਣਾ ਮੰਡੀ ਵੱਲ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਇਕ ਮੋਟਰ 'ਤੇ ਨੌਜਵਾਨ ਦਿਖਾਈ ਦਿੱਤਾ ਜੋ ਪੁਲਿਸ ਦੀ ਗੱਡੀ ਨੂੰ ਦੇਖ ਕੇ ਘਬਰਾ ਕੇ ਭੱਜਣ ਲੱਗਿਆ, ਪੁਲਿਸ ਕਰਮਚਾਰੀਆਂ ਨੇ ਕਾਬੂ ਕਰ ਲਿਆ | ਪੁਲਿਸ ਕਰਮਚਾਰੀਆਂ ਨੇ ਕੀਤੀ ਪੁੱਛਗਿੱਛ ਦੌਰਾਨ ਉਸ ਨੇ ਆਪਣਾ ਨਾਂਅ ਹਰਮਨਦੀਪ ਸਿੰਘ ਵਾਸੀ ਮਨਸੂਰਾਂ ਦੱਸਿਆ | ਪੁਲਿਸ ਨੇ ਸ਼ੱਕ ਦੇ ਅਧਾਰ 'ਤੇ ਉਸ ਨੂੰ ਇੱਥੇ ਬੈਠੇ ਹੋਣ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਮੈਂ ਨਸ਼ਾ ਕਰਨ ਲਈ ਆਇਆ ਸੀ ਜੋ ਮੈਂ ਨਸ਼ਾ ਕਰ ਲਿਆ, ਹੁਣ ਮੇਰੇ ਕੋਲ ਕੁਝ ਵੀ ਨਹੀਂ ਹੈ¢ ਸੋ ਮੈਨੂੰ ਮੁਆਫ਼ ਕਰ ਦਿੱਤਾ ਜਾਵੇ, ਪਰ ਪੁਲਿਸ ਨੇ ਥਾਣਾ ਜੋਧਾਂ ਵਿਖੇ ਉਸ ਖ਼ਿਲਾਫ਼ ਐੱਨ.ਡੀ.ਪੀ.ਐੱਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ | ਜ਼ਿਕਰਯੋਗ ਹੈ ਕਿ ਉਕਤ ਨੌਜਵਾਨ ਖ਼ਿਲਾਫ਼ ਪਹਿਲਾਂ ਵੀ ਪੁਲਿਸ ਥਾਣਾ ਜੋਧਾਂ 'ਚ ਵੱਖ-ਵੱਖ ਧਰਾਵਾਂ ਤਹਿਤ ਮਾਮਲੇ ਦਰਜ ਹਨ |