ਰਾਏਕੋਟ, 21 ਜੂਨ (ਬਲਵਿੰਦਰ ਸਿੰਘ ਲਿੱਤਰ)-ਸ਼ਹਿਰ ਵਿਚ 3-4 ਸਾਲ ਪਹਿਲਾਂ ਪਾਇਆ ਸੀਵਰੇਜ਼ ਉਸ ਸਮੇਂ ਤੋਂ ਵਿਵਾਦਾਂ 'ਚ ਘਿਰਿਆ ਹੋਇਆ ਹੈ ਕਿਉਂਕਿ ਸੀਵਰੇਜ਼ ਛੋਟੇ ਸਾਈਜ਼ ਦਾ ਹੋਣ ਕਾਰਨ ਉਕਤ ਸੀਵਰੇਜ਼ ਥਾਂ-ਥਾਂ ਤੋਂ ਲੀਕੇਜ਼ ਹੁੰਦਾ ਰਹਿੰਦਾ ਹੈ | ਦੱਸਣਯੋਗ ਹੈ ਕਿ ਰਾਏਕੋਟ-ਜਗਰਾਉਂ ਰੋਡ 'ਤੇ ਸੀਵਰੇਜ਼ ਲੀਕੇਜ਼ ਹੋਣ ਕਰਕੇ ਪਟਵਾਰ ਘਰ ਤੋਂ ਬਰਨਾਲਾ ਚੌਂਕ ਤੱਕ ਸੜਕ ਦੀ ਹਾਲਤ ਬਦ ਤੋਂ ਬਦਤਰ ਬਣ ਚੁੱਕੀ ਹੈ | ਬਾਰਿਸ਼ ਦੇ ਮੌਸਮ ਦੌਰਾਨ ਇਸ ਸੜਕ ਤੋਂ ਪੈਦਲ ਲੰਘਣਾ ਬਿਲਕੁੱਲ ਬੰਦ ਹੋ ਜਾਂਦਾ ਹੈ, ਜਦਕਿ ਛੋਟੇ ਵਾਹਨ ਇਸ ਡੂੰਘੇ ਟੋਇਆ ਵਿਚ ਦੀ ਲੰਘਣੇ ਮੁਸ਼ਕਿਲ ਹੋ ਜਾਂਦੇ ਹਨ | ਪ੍ਰਸ਼ਾਸਨ ਨੂੰ ਵਾਰ-ਵਾਰ ਆਸਪਾਸ ਦੇ ਦੁਕਾਨਦਾਰਾਂ ਤੇ ਰਾਹਗੀਰਾਂ ਵਲੋਂ ਗੁਹਾਰਾਂ ਲਗਾਉਣ ਦੇ ਬਾਵਜੂਦ ਵੀ ਇਸ ਖਸਤਾ ਹਾਲਤ ਸੜਕ ਦਾ ਕੋਈ ਵੀ ਢੁੱਕਵਾਂ ਹੱਲ ਨਹੀਂ ਨਿਕਲਿਆ | ਜਿਸ ਦੇ ਸਬੰਧ ਵਿਚ ਬਹੁਜਨ ਸਮਾਜ ਪਾਰਟੀ ਦੇ ਸ਼ਹਿਰੀ ਪ੍ਰਧਾਨ ਸੁਰਿੰਦਰ ਸਿੰਘ ਪੱਪੀ ਵਲੋਂ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੂੰ ਇਸ ਗੰਭੀਰ ਸਮੱਸਿਆ ਦੇ ਹੱਲ ਕਰਨ ਲਈ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਸੁਰਿੰਦਰ ਸਿੰਘ ਸਪਰਾ ਨੇ ਦੱਸਿਆ ਕਿ ਇਹ ਸੜਕ ਪਿਛਲੇ ਲੰਮੇ ਸਮੇਂ ਤੋਂ ਟੁੱਟ ਕੇ ਪੂਰੀ ਤਰ੍ਹਾਂ ਖਸਤਾ ਹੋ ਚੁੱਕੀ ਹੈ, ਪਰ ਇਸ ਮਾਮਲੇ ਬਾਰੇ ਐੱਸ.ਡੀ.ਐੱਮ ਰਾਏਕੋਟ, ਨਗਰ ਕੌਂਸਲ ਰਾਏਕੋਟ ਸਮੇਤ ਪੀ.ਡਬਲਿਊ.ਡੀ. ਵਿਭਾਗ ਨੂੰ ਵਾਰ-ਵਾਰ ਲਿਖਤੀ ਜਾਣਕਾਰੀ ਦੇ ਕੇ ਇਸ ਮਸਲੇ ਦੇ ਹੱਲ ਲਈ ਆਵਾਜ਼ ਉਠਾਈ ਗਈ, ਪਰ ਇਹ ਮਸਲਾ ਜਿਉਂ ਦਾ ਤਿਉਂ ਹੀ ਬਰਕਰਾਰ ਹੈ | ਉਨ੍ਹਾਂ ਦੱਸਿਆ ਕਿ ਇਸ ਰੋਡ ਉੱਪਰ ਬਣੇ ਟੋਏ ਐਨਾ ਜ਼ਿਆਦਾ ਗਹਿਰੇ ਹੋ ਗਏ ਹਨ ਕਿ ਛੋਟੇ ਵਾਹਨ ਤਾਂ ਇਨ੍ਹਾਂ ਖੱਡਿਆਂ ਵਿਚ ਆਣ ਕੇ ਫਸ ਜਾਂਦੇ ਹਨ ਅਤੇ ਕਈ ਵਾਰ ਪਲਟ ਤੱਕ ਜਾਂਦੇ ਹਨ, ਜਦਕਿ ਰਾਹਗੀਰ ਵੀ ਇਨ੍ਹਾਂ ਟੋਇਆਂ ਦਾ ਸ਼ਿਕਾਰ ਹੋ ਰਹੇ ਹਨ | ਇਸ ਸਭ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਵਲੋਂ ਅੱਜ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ | ਉਨ੍ਹਾਂ ਪ੍ਰਸ਼ਾਸਨ ਤੇ ਨਗਰ ਕੌਂਸਲ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਇਸ ਰੋਡ ਦੀ ਮੁਰੰਮਤ ਨਾ ਕਰਵਾਈ ਗਈ ਤਾਂ ਬਹੁਜਨ ਸਮਾਜ ਪਾਰਟੀ ਅਤੇ ਈ-ਰਿਕਸ਼ਾ ਯੂਨੀਅਨ ਵਲੋਂ ਬਰਨਾਲਾ ਚੌਂਕ ਵਿਚ ਪੱਕਾ ਮੋਰਚਾ ਲਗਾਇਆ ਜਾਵੇਗਾ, ਜਿਸ ਦੀ ਸਾਰੀ ਜਿੰਮੇਵਾਰੀ ਰਾਏਕੋਟ ਦੇ ਪ੍ਰਸ਼ਾਸਨ ਦੀ ਹੋਵੇਗੀ | ਇਸ ਮੌਕੇ ਠੇਕੇਦਾਰ ਮਨਸਾ ਖਾਂ, ਸੰਦੀਪ ਸਿੰਘ, ਜਗਸੀਰ ਸਿੰਘ, ਨਛੱਤਰ ਸਿੰਘ, ਹਰਜੀਤ ਸਿੰਘ, ਰਾਜਵਿੰਦਰ ਸਿੰਘ, ਪੰਨੂ ਸਿੰਘ, ਭੋਲਾ ਸਿੰਘ, ਮਨਪ੍ਰੀਤ ਸਿੰਘ, ਚਰਨ ਸਿੰਘ, ਵਿੱਕੀ ਵਾਲੀਆ, ਯੁੱਧਵੀਰ ਸਿੰਘ, ਦਵਿੰਦਰ ਸਿੰਘ ਆਦਿ ਹਾਜ਼ਰ ਸਨ |
ਕੀ ਕਹਿਣਾ ਹੈ ਵਿਧਾਇਕ ਠੇਕੇਦਾਰ ਹਾਕਮ ਸਿੰਘ ਦਾ-
ਜਦ ਇਸ ਮਾਮਲੇ ਬਾਰੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਜਲਦ ਇਸ ਰੋਡ ਦੀ ਮੁਰੰਮਤ ਕਰਵਾ ਦਿੱਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ |
<h4> ਮਾਮਲਾ ਜਗਰਾਉਂ ਰੋਡ ਦੇ ਬਦ ਤੋਂ ਬਦਤਰ ਹੋਏ ਹਾਲਾਤ ਦਾ-</h4> ਛੋਟੇ ਆਕਾਰ ਦਾ ਪਾਇਆ ਸੀਵਰੇਜ ਲੋਕਾਂ ਲਈ ਸਿਰਦਰਦੀ ਦਾ ਕਾਰਨ ਬਣਿਆ
ਅਜੀਤ ਡੈਸਕ
22-06-2025