22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਭਾਈ ਨੂਰਾ ਮਾਹੀ ਸੇਵਾ ਸੁਸਾਇਟੀ (ਰਜਿ:) ਰਾਏਕੋਟ ਵਲੋਂ 4 ਰੋਜ਼ਾ ਸਮਰ ਕੈਂਪ ਦੀ ਸਮਾਪਤੀ

ਅਜੀਤ ਡੈਸਕ 22-06-2025
ਰਾਏਕੋਟ, 21 ਜੂਨ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਇਲਾਕੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ (ਰਜਿ:) ਰਾਏਕੋਟ ਵਲੋਂ ਡਾ. ਕਰਵਿੰਦਰ ਸਿੰਘ ਯੂ.ਕੇ. ਦੇ ਉੱਦਮ ਸਦਕਾ 4 ਰੋਜ਼ਾ ਸਮਰ ਕੈਂਪ ਸਥਾਨਕ ਜਗਰਾਉਂ ਰੋਡ 'ਤੇ ਸਥਿਤ ਗੁਰਦੁਆਰਾ ਭਗਤ ਰਵਿਦਾਸ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਲਗਾਇਆ ਗਿਆ | ਜਿਸ ਕੈਂਪ ਦੇ ਅੱਜ ਸਮਾਪਤੀ ਸਮਾਰੋਹ ਦੌਰਾਨ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਉਚੇਚੇ ਤੌਰ 'ਤੇ ਪੁੱਜੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਦੇ ਚੇਅਰਮੈਨ ਮਾ. ਪ੍ਰੀਤਮ ਸਿੰਘ ਬਰ੍ਹਮੀ ਨੇ ਦੱਸਿਆ ਕਿ ਇਹ ਸਮਰ ਕੈਂਪ 18 ਜੂਨ ਤੋਂ 21 ਜੂਨ ਤੱਕ ਲਗਾਇਆ ਗਿਆ, ਜਿਸ ਵਿਚ ਗੁਰਮੁੱਖੀ ਲਿੱਪੀ ਦੀ ਸੁੰਦਰ ਲਿਖਤ, ਨੈਤਿਕ ਕਦਰਾਂ-ਕੀਮਤਾਂ, ਚਿੱਤਰਕਾਰੀ ਦੀ ਸਿਖਲਾਈ, ਗੁਰਮਤਿ ਰਹਿਣੀ-ਬਹਿਣੀ, ਉਸਾਰੂ ਸਾਹਿਤ, ਕੀਰਤਨ, ਦਸਤਾਰ ਤੇ ਗੱਤਕਾ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ ਆਦਿ ਦੀ ਸਿਖਲਾਈ ਨਿਸ਼ਕਾਮ ਰੂਪ ਵਿਚ ਦਿੱਤੀ ਗਈ | ਇਸ ਕੈਂਪ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਤੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਵਲੋਂ ਪ੍ਰਸੰਸਾ ਪੱਤਰ ਸੌਂਪੇ ਗਏ | ਇਸ ਮੌਕੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਨੇ ਸੰਬੋਧਨ ਕਰਦਿਆਂ ਆਖਿਆ ਕਿ ਅਜੋਕੀ ਪੀੜ੍ਹੀ ਨੂੰ ਗੁਰਬਾਣੀ ਤੇ ਗੁਰਮਤਿ ਵਿਸ਼ੇ ਨਾਲ ਜੋੜ੍ਹਨ ਲਈ ਯੋਗ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਬੱਚਿਆਂ ਨੂੰ ਇਕ ਚੰਗੀ ਸੇਧ ਦਿੱਤੀ ਜਾ ਸਕੇ | ਇਸ ਮੌਕੇ ਮੈਨੇਜਰ ਤਰਸੇਮ ਸਿੰਘ ਬਲਿਆਲ, ਪ੍ਰਧਾਨ ਉਲਵਿੰਦਰ ਸਿੰਘ, ਸੈਕਟਰੀ ਸਾਬਰ ਅਲੀ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਚੀਮਾ, ਸੈਕਟਰੀ ਕਰਮਜੀਤ ਸਿੰਘ ਸਾਬਕਾ ਡਿਪਟੀ ਡਾਇਰੈਕਟਰ, ਮੁਖਤਿਆਰ ਸਿੰਘ ਛਾਪਾ, ਗੁਲਾਬ ਸਿੰਘ, ਗੁਰਚੇਤ ਸਿੰਘ, ਹਰਜੀਤ ਸਿੰਘ ਸਰਾਂ, ਰਾਜਪਾਲ ਸਿੰਘ ਬਰ੍ਹਮੀ, ਕੁਲਦੀਪ ਸਿੰਘ ਨੱਥੋਵਾਲ, ਬ੍ਰਹਮਾ ਸਿੰਘ, ਬਲਵੀਰ ਸਿੰਘ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਭੱਠਾ ਕਾਰੋਬਾਰੀਆਂ ਵਲੋਂ ਅਣਮਿੱਥੇ ਸਮੇਂ ਲਈ ਭੱਠੇ ਬੰਦ ਰੱਖਣ ਦਾ ਐਲਾਨ ਅਗਲੀ ਖ਼ਬਰ ਪਿੰਡਾਂ ਦੀਆਂ ਲਿੰਕ ਸੜਕਾਂ 'ਤੇ ਬਣੇ ਟੋਇਆਂ ਤੋਂ ਲੋਕ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।