ਬਰਗਾੜੀ, 21 ਜੂਨ (ਲਖਵਿੰਦਰ ਸ਼ਰਮਾ)-ਕਸਬਾ ਬਰਗਾੜੀ ਅਤੇ ਆਸ ਪਾਸ ਦੇ ਪਿੰਡਾਂ ਵਿਚ ਪਿਛਲੀਆਂ ਸਰਕਾਰਾਂ ਨੇ ਲੋਕਾਂ ਦੀ ਸਹੂਲਤ ਲਈ ਸੰਪਰਕ ਸੜਕਾਂ ਬਣਾਈਆਂ ਸਨ ਜੋ ਹੁਣ ਲੰਬੇ ਸਮੇਂ ਤੋਂ ਮੁਰੰਮਤ ਆਦਿ ਨਾ ਹੋਣ ਅਤੇ ਨਾ ਹੀ ਪ੍ਰੀਮੈਕਸ ਆਦਿ ਪੈਣ ਕਾਰਨ ਬਹੁਤ ਸਾਰੀਆਂ ਥਾਵਾਂ ਤੋਂ ਬੁਰੀ ਤਰਾਂ ਖ਼ਰਾਬ ਹੋ ਚੁੱਕੀਆਂ ਹਨ | ਇੰਨ੍ਹਾਂ ਲਿੰਕ ਸੜਕਾਂ 'ਤੇ ਬਹੁਤ ਥਾਵਾਂ 'ਤੇ ਟੋਏ ਪੈ ਗਏ ਹਨ ਅਤੇ ਇੰਨ੍ਹਾਂ ਟੋਇਆਂ ਤੋਂ ਲੋਕ ਬਹੁਤ ਪ੍ਰੇਸ਼ਾਨ ਹਨ | ਇੰਨ੍ਹਾਂ ਲਿੰਕ ਸੜਕਾਂ 'ਤੇ ਲੰਘਣ ਵਾਲੇ ਲੋਕਾਂ ਵਿਚ ਡਰ ਬਣਿਆ ਰਹਿੰਦਾ ਹੈ ਕਿ ਕਦੇ ਉਨ੍ਹਾਂ ਦਾ ਵਹੀਕਲ ਇੰਨ੍ਹਾਂ ਟੋਇਆਂ ਵਿਚ ਡਿੱਗ ਕੇ ਕਿਸੇ ਹਾਦਸੇ ਦਾ ਸ਼ਿਕਾਰ ਨਾ ਹੋ ਜਾਵੇ | ਲਿੰਕ ਸੜਕਾਂ 'ਤੇ ਬਣੇ ਟੋਇਆਂ ਵਿਚ ਕਈ ਥਾਵਾਂ 'ਤੇ ਨਿਕਾਸੀ ਨਾਲੀਆਂ ਦਾ ਗੰਦਾ ਪਾਣੀ ਵੀ ਭਰ ਜਾਂਦਾ ਹੈ ਜਿਸ ਨਾਲ ਲੋਕਾਂ ਦੀ ਪ੍ਰੇਸ਼ਾਨੀ ਹੋਰ ਵੱਧ ਜਾਂਦੀ ਹੈ | ਇੰਨ੍ਹਾਂ ਲਿੰਕ ਸੜਕਾਂ 'ਤੇ ਲੰਬੇ ਸਮੇਂ ਤੋਂ ਵੱਟੇ, ਬੱਜਰੀ, ਲੁੱਕ ਆਦਿ ਨਾ ਪੈਣ ਕਾਰਨ ਇਹ ਸੜਕਾਂ ਬਹੁਤ ਸਾਰੀਆਂ ਥਾਵਾਂ ਤੋਂ ਨੀਵੀਆਂ ਵੀ ਹੋ ਗਈਆਂ ਹਨ ਜਿੰਨ੍ਹਾਂ 'ਤੇ ਬਾਰਿਸ਼ ਆਦਿ ਦਾ ਪਾਣੀ ਵੀ ਖੜ੍ਹ ਜਾਂਦਾ ਹੈ ਜੋ ਕਈ ਦਿਨਾਂ ਤੱਕ ਸੁੱਕਦਾ ਨਹੀਂ ਅਤੇ ਲੋਕਾਂ ਨੂੰ ਲੰਘਣ ਵਿਚ ਮੁਸ਼ਕਿਲ ਆਉਂਦੀ ਹੈ | ਸੜਕਾਂ ਨੀਵੀਆਂ ਹੋਣ ਕਾਰਨ ਲੋਕਾਂ ਨੇ ਕਈ ਥਾਵਾਂ 'ਤੇ ਮਜਬੂਰਨ ਇੰਨ੍ਹਾਂ ਲਿੰਕ ਸੜਕਾਂ ਉਪਰ ਮਿੱਟੀ ਆਦਿ ਪਾ ਕੇ ੳੁੱਚਾ ਕਰ ਦਿੱਤਾ ਤਾਂ ਕਿ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ | ਕਾਨੂੰਨ ਅਨੁਸਾਰ ਇੰਨ੍ਹਾਂ ਲਿੰਕ ਸੜਕਾਂ ਨੂੰ ਪੁੱਟ ਕੇ ਪਿੰਡਾਂ ਦੀਆਂ ਪੰਚਾਇਤਾਂ ਵੀ ਆਪਣੇ ਪੱਧਰ 'ਤੇ ਕੋਈ ਮੁਰੰਮਤ ਆਦਿ ਨਹੀਂ ਕਰ ਸਕਦੀਆਂ | ਇੰਨ੍ਹਾਂ ਟੁੱਟੀਆਂ ਲਿੰਕ ਸੜਕਾਂ ਤੋਂ ਪ੍ਰੇਸ਼ਾਨ ਲੋਕ ਜਦੋਂ ਆਪਣੀਆਂ ਮੁਸ਼ਕਿਲਾਂ ਲੈ ਕੇ ਪੰਚਾਇਤਾਂ ਕੋਲ ਜਾਂਦੇ ਹਨ ਤਾਂ ਪਿੰਡਾਂ ਦੀਆਂ ਪੰਚਾਇਤਾਂ ਕਾਨੂੰਨੀ ਅੜਚਨਾਂ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਨਹੀਂ ਕਰ ਸਕਦੀਆਂ ਅਤੇ ਪਿੰਡਾਂ ਦੇ ਲੋਕ ਪੰਚਾਇਤਾਂ ਨਾਲ ਨਾਰਾਜ ਹੋ ਜਾਂਦੇ ਹਨ | ਕਸਬਾ ਬਰਗਾੜੀ ਅਤੇ ਆਸ ਪਾਸ ਦੇ ਪਿੰਡਾਂ ਦੀਆਂ ਲਿੰਕ ਸੜਕਾਂ ਮਾਰਕੀਟ ਕਮੇਟੀ ਅਧੀਨ ਆਉਂਦੀਆਂ ਹਨ | ਕਰੀਬ ਡੇਢ ਦੋ ਸਾਲ ਪਹਿਲਾਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਇੰਨ੍ਹਾਂ ਲਿੰਕ ਸੜਕਾਂ 'ਤੇ ਵੱਟੇ, ਬੱਜਰੀ, ਲੁੱਕ ਆਦਿ ਪਾਉਣ ਲਈ ਸਰਵੇ ਵੀ ਕੀਤਾ ਸੀ ਪ੍ਰੰਤੂ ਅਜੇ ਤੱਕ ਉਸ ਸਰਵੇ ਤੋਂ ਅੱਗੇ ਕੁਝ ਨਹੀਂ ਹੋ ਸਕਿਆ | ਕਸਬਾ ਬਰਗਾੜੀ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਦੀ ਪੰਜਾਬ ਸਰਕਾਰ ਅਤੇ ਮਾਰਕੀਟ ਕਮੇਟੀ ਤੋਂ ਪੁਰਜ਼ੋਰ ਮੰਗ ਹੈ ਕਿ ਇੰਨ੍ਹਾਂ ਲਿੰਕ ਸੜਕਾਂ 'ਤੇ ਵੱਟੇ, ਬੱਜਰੀ, ਲੁੱਕ, ਪ੍ਰੀਮੈਕਸ ਆਦਿ ਪਾ ਕੇ ਇੰਨ੍ਹਾਂ ਲਿੰਕ ਸੜਕਾਂ ਦੀ ਮੁਰੰਮਤ ਕੀਤੀ ਜਾਵੇ ਤਾਂ ਕਿ ਇੰਨ੍ਹਾਂ ਲਿੰਕ ਸੜਕਾਂ ਦੇ ਟੁੱਟੇ ਹੋਣ ਕਾਰਨ ਲੋਕਾਂ ਨੂੰ ਮਿਲ ਰਹੀ ਪ੍ਰੇਸ਼ਾਨੀ ਤੋਂ ਰਾਹਤ ਮਿਲ ਸਕੇ | ਲੋਕਾਂ ਦੀ ਇਹ ਵੀ ਮੰਗ ਹੈ ਕਿ ਇੰਨ੍ਹਾਂ ਲਿੰਕ ਸੜਕਾਂ ਦੀ ਮੁਰੰਮਤ ਸਮੇਂ ਨਿਯਮਾਂ ਦਾ ਪੂਰਾ ਧਿਆਨ ਰੱਖ ਕੇ ਸੜਕਾਂ 'ਤੇ ਪੂਰੀ ਮਾਤਰਾ ਵਿਚ ਵੱਟੇ, ਬੱਜਰੀ, ਲੁੱਕ, ਪ੍ਰੀਮੈਕਸ ਆਦਿ ਪਾਏ ਜਾਣ ਅਤੇ ਬਿਨਾਂ ਕਿਸੇ ਭੇਦ ਭਾਵ ਸੜਕਾਂ ਦੇ ਲੈਵਲ ਦਾ ਖਾਸ ਧਿਆਨ ਰੱਖਿਆ ਜਾਵੇ ਤਾਂ ਕਿ ਸੜਕਾਂ ਲੰਬੇ ਸਮੇਂ ਤੱਕ ਸਹੀ ਤਰਾਂ ਚੱਲ ਸਕਣ |