22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਮਿਆਦ ਪੁੱਗੀਆਂ ਦਵਾਈਆਂ ਤੇ ਮੈਡੀਕਲ ਰਹਿੰਦ-ਖੂੰਹਦ ਦੇ ਮਾਮਲੇ 'ਤੇ ਜਾਂਚ ਮੁਕੰਮਲ: ਡਾ. ਕੱਕੜ

ਅਜੀਤ ਡੈਸਕ 22-06-2025
ਫ਼ਰੀਦਕੋਟ, 21 ਜੂਨ (ਜਸਵੰਤ ਸਿੰਘ ਪੁਰਬਾ)-ਪਿਛਲੇ ਦਿਨੀਂ ਸਥਾਨਕ ਨਵੀਂ ਦਾਣਾ ਮੰਡੀ ਵਿਚ ਕੂੜੇ ਦੇ ਢੇਰ 'ਚੋਂ ਮਿਲੀਆਂ ਮਿਆਦ ਪੁੱਗੀਆਂ ਦਵਾਈਆਂ ਅਤੇ ਮੈਡੀਕਲ ਰਹਿੰਦ-ਖੂੰਹਦ ਦੇ ਮਾਮਲੇ ਦੀ ਜਾਂਚ ਕਰ ਰਹੀ ਕਮੇਟੀ ਨੇ ਆਪਣੀ ਜਾਂਚ ਮੁਕੰਮਲ ਕਰਨ ਤੋਂ ਬਾਅਦ ਵਿਸਥਾਰਤ ਰਿਪੋਰਟ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੂੰ ਅਗਲੇਰੀ ਕਾਰਵਾਈ ਲਈ ਸੌਂਪ ਦਿੱਤੀ ਹੈ | ਇਹ ਜਾਣਕਾਰੀ ਦਿੰਦਿਆਂ ਡਾ. ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਨੇ ਦੱਸਿਆ ਕਿ ਪਿਛਲੇ ਦਿਨੀਂ ਅਖ਼ਬਾਰਾਂ 'ਚ ਛਪੀ ਖਬਰ ਅਨੁਸਾਰ ਨਵੀਂ ਦਾਣਾ ਮੰਡੀ ਫ਼ਰੀਦਕੋਟ ਵਿਖੇ ਕੂੜੇ ਦੇ ਢੇਰ ਉਪਰ ਮਿਆਦ ਲੰਘ ਚੁੱਕੀਆਂ ਦਵਾਈਆਂ, ਟੀਕੇ ਆਦਿ ਪਾਏ ਗਏ | ਜਿਸ ਤੋਂ ਬਾਅਦ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਫ਼ਰੀਦਕੋਟ ਪੂਨਮਦੀਪ ਕੌਰ ਨੇ ਇਸ ਮਾਮਲੇ ਦੀ ਜਾਂਚ ਲਈ ਇਕ ਕਮੇਟੀ ਦਾ ਗਠਨ ਕੀਤਾ ਅਤੇ ਗਠਿਤ ਕਮੇਟੀ ਨੂੰ ਦਸ ਦਿਨਾਂ ਦੇ ਅੰਦਰ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਵੀ ਦਿੱਤੇ ਗਏ | ਉਨ੍ਹਾਂ ਦੱਸਿਆ ਕਿ ਕਮੇਟੀ ਵਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਸਥਿਤ ਅੰਮਿ੍ਤ ਫ਼ਾਰਮੇਸੀ, ਐਸ.ਟੀ.ਆਈ. ਵਿਭਾਗ ਤੋਂ ਇਲਾਵਾ ਮੈਡੀਕਲ ਕਾਲਜ ਦੇ ਆਸ ਪਾਸ ਦੀਆਂ ਦੁਕਾਨਾਂ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਗਈ ਪ੍ਰੰਤੂ ਕੂੜੇ ਦੇ ਢੇਰ ਤੋਂ ਮਿਲੀਆਂ ਦਵਾਈਆਂ ਦੇ ਬੈਚ ਨੰਬਰ ਦੀਆਂ ਦਵਾਈਆਂ ਇੱਥੋਂ ਨਹੀਂ ਮਿਲੀਆਂ | ਜਾਂਚ 'ਚ ਪਾਇਆ ਗਿਆ ਕਿ ਕੂੜੇ ਦੇ ਢੇਰ ਵਿਚ ਮਿਲੇ ਸਰਕਾਰੀ ਸਪਲਾਈ ਵਾਲੀਆਂ ਦਵਾਈਆਂ ਦੇ ਕੁਝ ਖਾਲੀ ਪੱਤੇ ਏ.ਆਰ.ਟੀ. ਸੈਂਟਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਨਾਲ ਸਬੰਧਿਤ ਹਨ ਜਿਸ ਤੋਂ ਬਾਅਦ ਮੈਡੀਕਲ ਕਾਲਜ ਪ੍ਰਸ਼ਾਸਨ ਵਲੋਂ ਵੇਸਟ ਡੰਪ ਤੋਂ ਕੂੜਾ ਚੁੱਕਣ ਵਾਲੇ ਫ਼ਰੀਦਕੋਟ ਨਗਰ ਸੇਵਾ ਸੁਸਾਇਟੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ | ਡਾ. ਕੱਕੜ ਨੇ ਦੱਸਿਆ ਕਿ ਮਿਤੀ 17 ਜੂਨ ਨੂੰ ਪੜਤਾਲੀਆ ਟੀਮ ਨੂੰ ਜਹਾਜ਼ ਗਰਾਊਾਡ ਸਾਦਿਕ ਰੋਡ ਫ਼ਰੀਦਕੋਟ ਤੋਂ ਵੀ ਮਿਆਦ ਪੁਗਾ ਚੁੱਕੀਆਂ ਦਵਾਈਆਂ ਮਿਲੀਆਂ ਜਿਨ੍ਹਾਂ ਦਾ ਰਿਕਾਰਡ ਨੋਟ ਕੀਤਾ ਗਿਆ | ਇਸ ਤੋਂ ਬਾਅਦ ਮਿਤੀ 18 ਜੂਨ ਨੂੰ ਗਠਿਤ ਕਮੇਟੀ ਵਲੋਂ ਫ਼ਰਮ ਮੈਸ: ਐਸ.ਆਰ ਮੈਡੀਕਲ ਏਜੰਸੀਜ਼ ਮੇਨ ਰੋਡ, ਸ਼ਹੀਦ ਬਲਵਿੰਦਰ ਸਿੰਘ ਨਗਰ ਫ਼ਰੀਦਕੋਟ ਦੀ ਇੰਸਪੈਕਸ਼ਨ ਕੀਤੀ ਗਈ ਅਤੇ ਜਾਂਚ ਵਿਚ ਪਾਇਆ ਗਿਆ ਕਿ ਨਵੀਂ ਦਾਣਾ ਮੰਡੀ ਤੋਂ ਮਿਲੀਆਂ ਐਕਸਪਾਇਰਡ ਦਵਾਈਆਂ ਅਤੇ ਜਹਾਜ਼ ਗਰਾਉਂਡ ਸਾਦਿਕ ਰੋਡ ਫ਼ਰੀਦਕੋਟ ਤੋਂ ਮਿਲੀਆਂ ਐਕਸਪਾਇਰਡ ਦਵਾਈਆਂ ਦੀ ਖਰੀਦ ਐਸ.ਆਰ ਮੈਡੀਕਲ ਏਜੰਸੀਜ਼ ਵਲੋਂ ਹੀ ਕੀਤੀਆਂ ਗਈਆਂ ਸਨ | ਡਾ. ਪਰਮਜੀਤ ਸਿੰਘ ਬਰਾੜ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਫ਼ਰੀਦਕੋਟ ਅਤੇ ਹਰਜਿੰਦਰ ਸਿੰਘ ਜ਼ਿਲ੍ਹਾ ਡਰੱਗ ਇੰਸਪੈਕਟਰ ਨੇ ਦੱਸਿਆ ਕਿ ਸਮੂਹ ਕਮੇਟੀ ਮੈਂਬਰਾਂ ਦੀ ਹਾਜ਼ਰੀ ਵਿਚ ਦੁਕਾਨ ਮਾਲਕਾਂ ਦੇ ਬਿਆਨ ਲਏ ਗਏ ਜਿਸ ਵਿਚ ਉਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਨੇ ਮਿਆਦ ਪੁੱਗ ਚੁੱਕੀਆਂ ਦਵਾਈਆਂ ਇਕ ਕਬਾੜੀਏ ਨੂੰ ਨਸ਼ਟ ਕਰਨ ਲਈ ਦਿੱਤੀਆਂ ਸਨ, ਪਰ ਕਬਾੜੀਏ ਨੇ ਇਹ ਦਵਾਈਆਂ ਉੱਥੇ ਕੂੜੇ ਦੇ ਢੇਰ ਵਿਚ ਸੁੱਟ ਦਿੱਤੀਆਂ ਅਤੇ ਇਨ੍ਹਾਂ ਵਲੋਂ ਕੋਈ ਵੀ ਬਾਇਓ ਮੈਡੀਕਲ ਵੇਸਟ ਦਾ ਐਗਰੀਮੈਂਟ ਵੀ ਨਹੀਂ ਕੀਤਾ ਗਿਆ ਜਦੋਂ ਕਿ ਅਜਿਹੀਆਂ ਦਵਾਈਆਂ ਨੂੰ ਨਸ਼ਟ ਕਰਨ ਲਈ ਸਬੰਧਿਤ ਕੰਪਨੀਆਂ ਨਾਲ ਇਕਰਾਰਨਾਮਾ ਕਰਨਾ ਪੈਂਦਾ ਹੈ | ਇਸ ਲਈ ਮੈਡੀਕਲ ਸਟੋਰ ਸੰਚਾਲਕਾਂ ਨੂੰ ਜਲਦੀ ਤੋਂ ਜਲਦੀ ਅਜਿਹੀ ਕੰਪਨੀ ਨਾਲ ਇਕਰਾਰਨਾਮਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ | ਉਨ੍ਹਾਂ ਦੱਸਿਆ ਕਿ ਐਸ.ਆਰ. ਮੈਡੀਕਲ ਏਜੰਸੀਜ਼ ਦੀ ਪੂਰੀ ਰਿਪੋਰਟ ਡੀਸੀ ਫ਼ਰੀਦਕੋਟ ਨੂੰ ਸੌਂਪ ਦਿੱਤੀ ਗਈ ਹੈ | ਇਸ ਉਪਰੰਤ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦੇ ਨਿਰਦੇਸ਼ਾਂ ਤਹਿਤ ਫ਼ਰਮ ਨੂੰ ਵਿਭਾਗ ਵਲੋਂ ਨੋਟਿਸ ਕੱਢ ਦਿੱਤਾ ਗਿਆ ਹੈ ਅਤੇ ਦੁਕਾਨ ਬੰਦ ਕਰਵਾ ਦਿੱਤੀ ਗਈ ਹੈ | ਪੁਲਿਸ ਵਿਭਾਗ ਵਲੋਂ ਵੀ ਸਬੰਧਿਤ ਫ਼ਰਮ ਖ਼ਿਲਾਫ਼ ਅੰਡਰ ਸੈਕਸ਼ਨ 271, 280, 292 ਅਧੀਨ 20-06-2025 ਨੂੰ ਐਫ.ਆਈ.ਆਰ. ਦਰਜ ਕਰ ਦਿੱਤੀ ਗਈ ਹੈ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਵੀ ਆਪਣੀ ਲਿਖਤੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ | ਉਨ੍ਹਾਂ ਆਖਿਆ ਕਿ ਮਾਨਯੋਗ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਵਾਈਆਂ ਦੀ ਖਰੀਦ ਵੇਚ ਵਿਚ ਕਿਸੇ ਵੀ ਕਿਸਮ ਦੀ ਬੇਨਿਯਮੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਜੇਕਰ ਭਵਿੱਖ ਵਿਚ ਵੀ ਉਨ੍ਹਾਂ ਦੇ ਧਿਆਨ ਵਿਚ ਅਜਿਹਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਪਿੰਡਾਂ ਦੀਆਂ ਲਿੰਕ ਸੜਕਾਂ 'ਤੇ ਬਣੇ ਟੋਇਆਂ ਤੋਂ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਵਿਖੇ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਜੰਗ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।