ਜਗਰਾਉਂ/ਗੁਰੂਸਰ ਸੁਧਾਰ, 15 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ, ਬਲਵਿੰਦਰ ਸਿੰਘ ਧਾਲੀਵਾਲ)- ਮੋਗਾ ਜ਼ਿਲ੍ਹੇ ਦੇ ਗਦਰੀ ਬਾਬਿਆਂ ਦੇ ਇਤਿਹਾਸਕ ਪਿੰਡ ਢੁੱਡੀਕੇ ਦਾ ਜੰਮਪਲ ਨੌਜਵਾਨ ਹਰਮੰਦਰ ਸਿੰਘ ਗਿੱਲ ਦੀ ਕੈਨੇਡਾ ਦੀ ਐਲਬਰਟਾ ਪ੍ਰੋਵਿੰਸ (ਸੂਬਾ) ਵਿਚ ਵੱਕਾਰੀ ਪੁਲਿਸ 'ਸ਼ੈਰਿਫ਼' ਲਈ ਹੋਈ ਨਿਯੁਕਤੀ ਨੇ ਪਿੰਡ ਢੁੱਡੀਕੇ, ਜ਼ਿਲ੍ਹਾ ਮੋਗਾ, ਪੰਜਾਬ ਸੂਬੇ ਤੇ ਸਮੁੱਚੀ ਪੰਜਾਬੀ ਕੌਮ ਦਾ ਨਾਂਅ ਦੁਨੀਆਂ ਅੰਦਰ ਹੋਰ ਰੌਸ਼ਨ ਕੀਤਾ ਹੈ | ਹਰਮੰਦਰ ਸਿੰਘ ਗਿੱਲ ਜੋ ਕਿ ਢੁੱਡੀਕੇ ਦੇ ਮਸ਼ਹੂਰ ਗਿੱਲ ਸੀਡ ਫ਼ਾਰਮ ਦੇ ਮਾਲਕ ਬਲਵਿੰਦਰ ਸਿੰਘ ਗਿੱਲ ਦਾ ਪੁੱਤਰ ਹੈ, ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰਾ ਪੁੱਤਰ 2011 'ਚ ਬਾਰ੍ਹਵੀਂ ਜਮਾਤ ਪਾਸ ਕਰਨ ਤੋਂ ਬਾਅਦ ਆਈਲੈਟਸ ਕਰਕੇ 2012 'ਚ ਕੈਨੇਡਾ ਗਿਆ | ਕੈਨੇਡਾ ਵਿਖੇ ਬਿਜਨੈੱਸ ਦਾ ਡਿਪਲੋਮਾ ਤੇ ਉੱਚ ਪੜ੍ਹਾਈ ਪੂਰੀ ਕਰਨ ਉਪਰੰਤ ਉਸ ਨੇ ਕੈਲਗਿਰੀ ਟਰਾਂਸਿਟ ਬੱਸ ਸਰਵਿਸ 'ਚ ਨੌਕਰੀ ਕੀਤੀ | ਹਰਮੰਦਰ ਸਿੰਘ ਗਿੱਲ ਅਨੁਸਾਰ ਉਸ ਨੇ ਆਪਣੀ ਸਖ਼ਤ ਮਿਹਨਤ ਨਾਲ ਪਹਿਲਾਂ ਪੁਲਿਸ ਦੀ ਭਰਤੀ ਲਈ ਇਮਤਿਹਾਨ, ਇੰਟਰਵਿਊ ਪਾਸ ਕਰਨ ਉਪਰੰਤ ਟ੍ਰੇਨਿੰਗ ਹਾਸਲ ਕੀਤੀ ਤੇ ਹੁਣ ਉਸ ਨੂੰ ਸਮੁੱਚੇ ਅਲਬਰਟਾ ਦੀ ਮੋਹਰਲੀ ਕਤਾਰ ਵਿਚ ਜਾਣੀ ਜਾਂਦੀ 'ਸ਼ੈਰਿਫ਼' ਪੁਲਿਸ ਲਈ ਚੁਣ ਕੇ ਸੂਬੇ ਦੇ ਕੈਲਗਿਰੀ ਸ਼ਹਿਰ ਵਿਖੇ ਨਿਯੁਕਤ ਕੀਤਾ ਗਿਆ ਹੈ | ਇਸ ਸ਼ਾਨਦਾਰ ਪ੍ਰਾਪਤੀ 'ਤੇ ਉਸ ਦੇ ਦੋਸਤਾਂ, ਮਿੱਤਰਾਂ ਅਤੇ ਹੋਰ ਸਨੇਹੀਆਂ ਨੇ ਹਰਮੰਦਰ ਸਿੰਘ ਗਿੱਲ ਤੇ ਉਸ ਦੇ ਮਾਪਿਆਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ ਹਨ |