24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਪਿੰਡ ਖੁਰਸ਼ੈਦਪੁਰਾ ਵਿਖੇ ਪਾਵਨ ਸਰੂਪ ਲਿਜਾਣ ਵਾਲਾ ਵਿਵਾਦ ਸੁਲਝਿਆ

ਅਜੀਤ ਡੈਸਕ 24-10-2025
ਸਿੱਧਵਾਂ ਬੇਟ, 23 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਦਰਿਆ ਸਤਲੁਜ ਦੇ ਕੰਢੇ 'ਤੇ ਸਥਿਤ ਪਿੰਡ ਖੁਰਸ਼ੈਦਪੁਰਾ ਵਿਖੇ ਇਕ ਗੁਰਦੁਆਰਾ ਸਾਹਿਬ 'ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਸਰੂਪ ਰਾਤ ਨੂੰ ਕਮਰੇ ਦਾ ਜਿੰਦਾ ਤੋੜ ਕੇ ਨਗਰ ਦੇ ਦੂਜੇ ਗੁਰਦੁਆਰਾ ਸਾਹਿਬ ਵਿਖੇ ਲੈ ਜਾਣ ਦਾ ਮਾਮਲਾ ਆਖਰ ਸਤਿਕਾਰ ਕਮੇਟੀ ਦੇ ਦਖ਼ਲ ਦੇਣ ਨਾਲ ਸੁਲਝ ਗਿਆ | ਇਸ ਮੌਕੇ ਦੋਹਾਂ ਧਿਰਾਂ ਨੂੰ ਸਮਝਾਉਣ ਵਿਚ ਪੁਲਿਸ ਵਿਭਾਗ, ਖੁਫੀਆ ਵਿਭਾਗ ਦੇ ਨਾਲ ਸਮੁੱਚੇ ਪੱਤਰਕਾਰ ਭਾਈਚਾਰੇ ਨੇ ਵੀ ਅਹਿਮ ਭੂਮਿਕਾ ਨਿਭਾਈ | ਅੱਜ ਸਵੇਰੇ ਜਦੋਂ ਸਤਿਕਾਰ ਕਮੇਟੀ ਲੁਧਿਆਣਾ ਅਤੇ ਬਰਨਾਲਾ ਜ਼ਿਲਿ੍ਹਆਂ ਦੇ ਪ੍ਰਧਾਨ ਭਾਈ ਜਸਪ੍ਰੀਤ ਸਿੰਘ ਢੋਲਣ ਦੀ ਅਗਵਾਈ ਹੇਠ ਨਗਰ ਖੁਰਸ਼ੈਦਪੁਰਾ ਦੇ ਉਸ ਗੁਰਦੁਆਰਾ ਸਾਹਿਬ ਵਿਖੇ ਪੁੱਜੇ, ਜਿੱਥੋਂ 19 ਅਕਤੂਬਰ ਦੀ ਰਾਤ ਨੂੰ ਨਗਰ ਦੀ ਦੂਜੀ ਧਿਰ ਨੇ ਪਿੰਡ ਦੇ ਡੇਰਾ ਨਿਹੰਗਾਂ ਵਾਲਾ ਵਿਖੇ ਸਿਰਫ਼ ਇਕ ਗੁਰਦੁਆਰਾ ਰੱਖਣ ਦੇ ਮਨਸੇ ਨਾਲ ਦਰਬਾਰ ਹਾਲ ਦਾ ਜ਼ਿੰਦਰਾ ਤੋੜਣ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਚਾਰੇ ਸਰੂਪਾਂ ਨੂੰ ਲਿਜਾ ਕੇ ਕੁਝ ਹੀ ਦੂਰੀ 'ਤੇ ਸਥਿਤ ਇਕ ਹੋਰ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਕਰ ਦਿੱਤਾ ਸੀ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਭਾਈ ਮਹਿੰਦਰ ਸਿੰਘ ਨੇ ਸਤਿਕਾਰ ਕਮੇਟੀ ਨੂੰ ਦੱਸਿਆ ਕਿ ਦੂਜੀ ਧਿਰ ਨੇ ਜਾਣ-ਬੁੱਝ ਕੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ | ਇਸ ਲਈ ਸਾਡੇ ਗੁਰਦੁਆਰਾ ਸਾਹਿਬ ਵਿਚੋਂ ਲਿਜਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਾਪਿਸ ਲਿਆਂਦੇ ਜਾਣ | ਉਪਰੰਤ ਸਤਿਕਾਰ ਕਮੇਟੀ ਜਦੋਂ ਦੂਜੇ ਗੁਰਦੁਆਰਾ ਸਾਹਿਬ ਵਿਖੇ ਪੁੱਜੀ ਤਾਂ ਉੱਥੇ ਵੀ ਮਾਹੌਲ ਗਰਮ ਵਿਖਾਈ ਦਿੱਤਾ | ਇਸ ਮੌਕੇ ਭਾਈ ਮਹਿੰਦਰ ਸਿੰਘ ਦੇ ਭਰਾ ਅਤੇ ਕੁਝ ਹੋਰ ਲੋਕ ਇਸ ਗੱਲ 'ਤੇ ਅੜ੍ਹ ਗਏ ਕਿ ਇਸ ਗੁਰਦੁਆਰਾ ਸਾਹਿਬ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੁਣ ਦੂਜੇ ਗੁਰਦੁਆਰਾ ਸਾਹਿਬ ਵਿਖੇ ਨਹੀਂ ਜਾਣ ਦਿੱਤਾ ਜਾਵੇਗਾ, ਪਰ ਸਤਿਕਾਰ ਕਮੇਟੀ ਦੇ ਕਾਰਕੁੰਨਾਂ ਨੇ ਦੋਹਾਂ ਧਿਰਾਂ ਨੂੰ ਸਮਝਾਇਆ ਅਤੇ ਅੰਤ ਇਹ ਫ਼ੈਸਲਾ ਹੋਇਆ ਕਿ ਦੋਹਾਂ ਧਿਰਾਂ ਦੀ ਸੰਗਤਾਂ ਦੀ ਭਾਵਨਾ ਨੂੰ ਸਮਝਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ-ਦੋ ਸਰੂਪ ਦੋਹਾਂ ਹੀ ਗੁਰਦੁਆਰਿਆਂ ਵਿਚ ਸੁਸ਼ੋਭਿਤ ਰੱਖੇ ਜਾਣ | ਦੋਹਾਂ ਧਿਰਾਂ ਵਿਚ ਹੋਏ ਲਿਖਤੀ ਸਮਝੌਤੇ ਉਪਰੰਤ ਸਤਿਕਾਰ ਕਮੇਟੀ ਦੇ ਕਾਰਕੁੰਨਾਂ ਨੇ ਸੰਗਤ ਨੂੰ ਨਾਲ ਲੈ ਕੇ ਪੂਰੇ ਸਤਿਕਾਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਸਰੂਪਾਂ ਨੂੰ ਮੁੜ ਗੁਰਦੁਆਰਾ ਬਾਬਾ ਦੀਪ ਸਿੰਘ ਵਿਖੇ ਲਿਆ ਕਿ ਸੁਸ਼ੋਭਿਤ ਕੀਤਾ | ਜਿਸ ਨਾਲ ਇਹ ਮਾਮਲਾ ਇਕ ਵਾਰ ਸੁਲਝ ਗਿਆ | ਇਸ ਮੌਕੇ ਸਤਿਕਾਰ ਕਮੇਟੀ ਅਤੇ ਥਾਣਾ ਮੁਖੀ ਇੰਸ: ਹੀਰਾ ਸਿੰਘ ਨੇ ਦੋਹਾਂ ਹੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਉਹ ਜਲਦੀ ਹੀ ਆਪੋ-ਆਪਣੇ ਗੁਰਦੁਆਰਾ ਸਾਹਿਬ ਵਿਖੇ ਸੀ.ਸੀ.ਟੀ.ਵੀ. ਕੈਮਰੇ ਲਗਵਾ ਲੈਣ |
ਪਿਛਲੀ ਖ਼ਬਰ ਨਸ਼ਾ ਤਸਕਰੀ ਦੀ ਧਮਕੀ, ਪੁਲਿਸ ਅਤੇ ਸਰਕਾਰ ਦੀ ਸਰਪ੍ਰਸਤੀ ਖ਼ਿਲਾਫ਼ 28 ਨੂੰ ਧਰਨੇ ਦਾ ਐਲਾਨ ਅਗਲੀ ਖ਼ਬਰ ਕਿੱਲੋਮੀਟਰ ਸਕੀਮ ਟੈਂਡਰ ਖੋਲ੍ਹਣ ਦੇ ਵਿਰੁੱਧ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਧਰਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।