ਜਗਰਾਉਂ, 23 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਤੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਦੀ ਅਗਵਾਈ ਹੇਠ ਪਿੰਡ ਬਾਘੀਆਂ ਤੇ ਬਹਾਦਰ ਕੇ ਵਿਖੇ ਹੋਏ ਹੜ੍ਹਾਂ ਨਾਲ ਹੋਏ ਭਾਰੀ ਨੁਕਸਾਨ ਦੇ ਮੁਆਵਜ਼ੇ ਬਾਰੇ ਤੇ ਗਿਰਦਾਵਰੀ ਦੀਆਂ ਲਿਸਟਾਂ ਦੇਣ ਸਬੰਧੀ ਨਾਇਬ ਤਹਿਸੀਲਦਾਰ ਪੁਸ਼ਵਿੰਦਰ ਸਿੰਘ ਜਗਰਾਉਂ ਨੂੰ ਮਿਲਿਆ | ਇਸ ਮੌਕੇ ਤਹਿਸੀਲਦਾਰ ਨੇ ਵਫ਼ਦ ਨੂੰ ਕਿਹਾ ਕਿ ਲਿਸਟਾਂ ਤਿਆਰ ਹੋ ਚੁੱਕੀਆਂ ਹਨ | ਜਲਦੀ ਹੀ ਆਨਲਾਈਨ ਅਪਲੋਡ ਕਰ ਦਿੱਤੀਆਂ ਜਾਣਗੀਆਂ | ਉਨ੍ਹਾਂ ਭਰੋਸਾ ਦਿੱਤਾ ਕਿ ਇਹ ਕੰਮ ਜਲਦੀ ਕੀਤਾ ਜਾਵੇਗਾ ਅਤੇ ਸਰਕਾਰ ਵਲੋਂ ਕਿਸਾਨਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ | ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਨੁਕਸਾਨ ਦੀ ਭਰਪਾਈ ਜਲਦੀ ਕੀਤੀ ਜਾਵੇ, ਉਨ੍ਹਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ ਅਤੇ ਬਣਦੀਆਂ ਸਾਰੀਆਂ ਸਹੂਲਤਾਂ ਫੌਰੀ ਦਿੱਤੀਆਂ ਜਾਣ | ਇਸ ਮੌਕੇ ਸੋਹਣ ਸਿੰਘ ਬਾਘੀਆਂ ਪ੍ਰਧਾਨ, ਥੰਮਣ ਸਿੰਘ, ਪਲਵਿੰਦਰ ਸਿੰਘ ਬਹਾਦਰ ਕੇ, ਲਖਵਿੰਦਰ ਸਿੰਘ ਵੀ ਸ਼ਾਮਿਲ ਸਨ |