ਬੰਗਾ, 15 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਦੋਆਬਾ ਸਾਹਿਤ ਮੰਚ ਲਧਾਣਾ ਝਿੱਕਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸਵ. ਜੀਵਾ ਸਿੰਘ ਚੇੜਾ ਅਤੇ ਦੀਵਾਨ ਸਿੰਘ ਚੇੜਾ ਦੀ ਨਿੱਘੀ ਯਾਦ 'ਚ ਸਨਮਾਨ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਉੱਘੇ ਸਾਹਿਤਕਾਰ ਪੋ੍ਰ. ਸੰਧੂ ਵਰਿਆਣਵੀ, ਸ਼ਾਇਰ ਜਗਦੀਸ਼ ਰਾਣਾ ਅਤੇ ਕਵੀ ਤਾਰਾ ਸਿੰਘ ਚੇੜਾ ਵੱਲੋਂ ਸਾਂਝੇ ਤੌਰ 'ਤੇ ਕੀਤੀ ਗਈ | ਸਮਾਗਮ ਦੌਰਾਨ ਤਾਰਾ ਸਿੰਘ ਚੇੜਾ ਅਤੇ ਸਵ. ਜੀਵਾ ਸਿੰਘ ਚੇੜਾ ਅਤੇ ਦੀਵਾਨ ਸਿੰਘ ਚੇੜਾ ਦੇ ਪਰਿਵਾਰਿਕ ਮੈਂਬਰ ਜਸਵੰਤ ਸਿੰਘ ਜੱਸਾ, ਚੈਨ ਸਿੰਘ ਅਤੇ ਪ੍ਰਕਾਸ਼ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਮਾਗਮ ਦੀ ਸ਼ੁਰੂਆਤ ਪੰਜਾਬੀ ਸ਼ਾਇਰ ਤਜੱਮਲ ਕਲੀਮ ਨੂੰ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਅਰਪਿਤ ਕਰਨ ਨਾਲ ਹੋਈ | ਗੁਰਦੀਪ ਸਿੰਘ ਮੁਕੱਦਮ ਵੱਲੋਂ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਦੋਆਬਾ ਸਾਹਿਤ ਮੰਚ ਦੀਆਂ ਸਾਹਤਿਕ ਸਰਗਰਮੀਆਂ ਬਾਰੇ ਚਾਨਣਾ ਪਾਇਆ ਗਿਆ | ਕੈਪਟਨ ਦੌਲਤ ਸਿੰਘ ਵੱਲੋਂ ਮੰਚ ਸੰਚਾਲਨ ਦੀ ਸੇਵਾ ਬਾਖ਼ੂਬੀ ਨਿਭਾਈ ਗਈ | ਸ਼ਾਇਰ ਗੁਰਦੀਪ ਸਿੰਘ ਸੈਣੀ ਵੱਲੋਂ ਮਹਿਮਾਨਾਂ ਦਾ ਦਿਲਕਸ਼ ਅੰਦਾਜ਼ 'ਚ ਸ਼ੁਕਰੀਆ ਅਦਾ ਕੀਤਾ ਗਿਆ | ਇਸ ਮੌਕੇ ਖ਼ਾਸ ਤੌਰ 'ਤੇ ਸੱਦੇ ਗਏ ਕਵੀਆਂ ਨੇ ਯਾਦਗਾਰੀ ਕਵੀ ਦਰਬਾਰ ਵਿਚ ਭਾਗ ਲਿਆ | ਜਿਸ ਵਿੱਚ ਚਰਚਿਤ ਕਵੀ ਸੁਖਦੇਵ ਸਿੰਘ ਗੰਢਵਾਂ, ਤਰਨਜੀਤ ਗੋਗੋਂ, ਸਾਹਿਬਾ ਜੀਤਨ ਕੌਰ, ਜਸਵੀਰ ਮੋਰੋਂ, ਸ਼ਾਮ ਸੁੰਦਰ, ਰਣਜੀਤ ਪੋਸੀ, ਰੇਸ਼ਮ ਚਿੱਤਰਕਾਰ, ਰੇਸ਼ਮ ਕਰਨਾਣਵੀ, ਸੋਹਣ ਸਿੰਘ ਸੂਨੀ ਆਦਿ ਹਾਜ਼ਰ ਸਨ |