24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਘਰ 'ਚ ਖੜ੍ਹੀ ਨਵੀਂ ਕਾਰ ਨੂੰ ਅਣਪਛਾਤਿਆਂ ਬੁਰੀ ਤਰ੍ਹਾਂ ਭੰਨਿਆ

ਅਜੀਤ ਡੈਸਕ 16-06-2025
ਬੰਗਾ, 15 ਜੂਨ (ਕਰਮ ਲਧਾਣਾ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਲਧਾਣਾ ਝਿੱਕਾ ਦੇ ਪੁਰਤਗਾਲ ਤੋਂ ਛੇ ਸਾਲ ਬਾਅਦ ਪਿੰਡ ਗੇੜਾ ਮਾਰਨ ਆਏ ਐਨ. ਆਰ. ਆਈ ਨੌਜਵਾਨ ਪਰਮਜੀਤ ਰੱਲ੍ਹ ਪੁੱਤਰ ਹਰਜਿੰਦਰ ਪਾਲ ਦੀ ਨਵੀਂ ਲਈ ਕਾਲੇ ਰੰਗ ਦੀ ਮਹਿੰਦਰਾ ਕੰਪਨੀ ਦੀ ਕਾਰ ਅਣਪਛਾਤਿਆਂ ਵਲੋਂ ਘਰ ਦੇ ਗੈਰਾਜ 'ਚ ਖੜ੍ਹੀ ਬੁਰੀ ਤਰ੍ਹਾਂ ਭੰਨ ਦਿੱਤੀ ਗਈ | ਜਿਸਦੀ ਇਲਾਕੇ 'ਚ ਭਾਰੀ ਚਰਚਾ ਹੈ |
ਇਸ ਸਬੰਧੀ ਪਰਮਜੀਤ ਰੱਲ੍ਹ ਦੇ ਪਿਤਾ ਹਰਜਿੰਦਰ ਪਾਲ ਨੇ ਦੱਸਿਆ ਕਿ ਇਹ ਘਟਨਾ ਬੀਤੇ ਦਿਨ ਵੀਰਵਾਰ ਦੀ ਹੈ ਉਹ ਪੀਰ ਬਾਬਾ ਰੋਡੇ ਸ਼ਾਹ ਦੇ ਮੇਲੇ 'ਤੇ ਸ਼ਾਮ ਨੂੰ ਚਲ ਰਿਹਾ ਨਕਲਾਂ ਦਾ ਪੋ੍ਰਗਰਾਮ ਦੇਖਣ ਗਏ ਸਨ | ਘਰ 'ਚ ਉਨ੍ਹਾਂ ਦੇ ਮਾਤਾ ਪ੍ਰਕਾਸ਼ ਕੌਰ ਗਲੀ 'ਚ ਬੈਠੇ ਸਨ | ਕਾਰ 'ਤੇ ਹਮਲਾ ਕਰਨ ਵਾਲੇ ਹਮਲਾਵਰ ਜਿਨ੍ਹਾਂ ਮੂੰਹ 'ਤੇ ਕੱਪੜਾ ਬੰਨਿ੍ਹਆ ਹੋਇਆ ਸੀ ਨੇ ਕਾਰ ਦੇ ਸ਼ੀਸ਼ੇ ਭੰਨ ਦਿੱਤੇ | ਦਾਤ ਵਰਗੀ ਤਿੱਖੀ ਚੀਜ਼ ਨਾਲ ਗੱਡੀ ਦੀ ਬਾਡੀ ਬੁਰੀ ਤਰ੍ਹਾਂ ਪਾੜ ਸੁੱਟੀ | ਜਦੋਂ ਮਾਤਾ ਪ੍ਰਕਾਸ਼ ਕੌਰ ਨੇ ਵਿਰੋਧ ਕੀਤਾ ਤਾਂ ਉਸਨੂੰ ਧੱਕਾ ਮਾਰ ਕੇ ਸੁੱਟ ਗਏ | ਪਰਮਜੀਤ ਰੱਲ੍ਹ ਅਨੁਸਾਰ ਉਸਨੇ ਮਹਿੰਦਰਾ ਕੰਪਨੀ ਦੇ ਨਵਾਂਸ਼ਹਿਰ ਸਥਿਤ ਸ਼ੋਰੂਮ 'ਚੋਂ 16 ਲੱਖ ਰੁਪਏ ਦੀ ਨਵੀਂ ਨਿਕੋਰ ਗੱਡੀ ਕਢਾਈ ਜਿਸਨੂੰ ਬੁਰੀ ਤਰ੍ਹਾਂ ਤੋੜ- ਪਾੜ ਕੇ ਨਿਕੰਮੀ ਬਣਾ ਦਿੱਤਾ ਗਿਆ | ਉਹ ਅਜੇ ਆਪਣੀ ਇਸ ਨਵੀਂ ਗੱਡੀ 'ਤੇ ਘੁੰਮਣ ਵੀ ਨਹੀਂ ਗਿਆ | ਉਸਨੇ ਨਿਰਾਸ਼ ਹੋ ਕੇ ਕਿਹਾ ਕਿ ਉੁਹ ਬੜੇ ਚਾਅ ਨਾਲ ਪੰਜਾਬ ਘੁੰਮਣ ਆਇਆ ਪਰ ਉਸਨੂੰ ਦਿਲੀ ਦੁੱਖ ਹੀ ਮਿਲਿਆ ਹੈ | ਉਸਦਾ ਕਹਿਣਾ ਹੈ ਉਸਨੂੰ ਬੰਗਾ ਦੇ ਸਦਰ ਥਾਣੇ ਦੀ ਪੁਲਿਸ ਦੇ ਵਿਹਾਰ ਤੋਂ ਬੇਹੱਦ ਦੁੱਖ ਤੇ ਹੈਰਾਨੀ ਹੋਈ | ਪੁਲਿਸ ਕਹਿ ਰਹੀ ਹੈ ਕਿ ਅਸੀਂ ਪਿੰਡ 'ਚ ਲੱਗੇ ਸੀ. ਸੀ. ਟੀ. ਵੀ ਕੈਮਰੇ ਖੁਦ ਚੈੱਕ ਕਰੀਏ | ਪੁਲਿਸ ਦੀ ਢਿੱਲੀ ਤੇ ਨਿਰਾਸ਼ਾਜਨਕ ਕਾਰਵਾਈ ਤੋਂ ਉਹ ਬੇਹੱਦ ਦੁਖੀ ਹੋਇਆ | ਪਰਿਵਾਰ ਨੇ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਹਮਲਾਵਰਾਂ ਨੂੰ ਤੁਰੰਤ ਭਾਲ ਕੇ ਉਨ੍ਹਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਹੋਰ ਲੋਕ ਵੀ ਅਜੇਹੇ ਹਮਲਿਆਂ ਤੋਂ ਸੁਰੱਖਿਅਤ ਰਹਿ ਸਕਣ |
ਪਿਛਲੀ ਖ਼ਬਰ ਕਾਰ ਤੇ ਟਰੈਕਟਰ ਦੀ ਹੋਈ ਭਿਆਨਕ ਟੱਕਰ ਅਗਲੀ ਖ਼ਬਰ 30 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।