ਨਵਾਂਸ਼ਹਿਰ, 15 ਜੂਨ (ਹਰਮਿੰਦਰ ਸਿੰਘ ਪਿੰਟੂ)-ਸੀਨੀਅਰ ਸਿਟੀਜਨਜ਼ ਐਸੋਸੀਏਸ਼ਨ ਨਵਾਂਸ਼ਹਿਰ ਦੀ ਮਾਸਿਕ ਮੀਟਿੰਗ ਐਸੋਸੀਏਸ਼ਨ ਦੇ ਚੇਅਰਮੈਨ ਡਾ. ਜੇ.ਡੀ ਵਰਮਾ ਦੀ ਸਰਪ੍ਰਸਤੀ ਅਤੇ ਪ੍ਰੋਫੈਸਰ ਐਸ.ਕੇ ਬਰੂਟਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਂਸ਼ਹਿਰ ਦੇ ਡਿਪਟੀ ਕਮਿਸ਼ਨਰ ਮੀਟਿੰਗ ਹਾਲ ਵਿਚ ਹੋਈ | ਮੀਟਿੰਗ ਦੇ ਆਰੰਭ ਵਿਚ ਚੇਅਰਮੈਨ ਡਾ. ਵਰਮਾ ਨੇ ਮੀਟਿੰਗ ਵਿਚ ਹਾਜ਼ਰ ਆਏ ਸਮੂਹ ਮੈਂਬਰਾਂ ਨੂੰ ਜੀ ਆਇਆਂ ਆਖਿਆ | ਪ੍ਰਧਾਨ ਪ੍ਰੋਫੈਸਰ ਬਰੂਟਾ ਵੱਲੋਂ ਮੀਟਿੰਗ ਦੇ ਅਜੰਡੇ ਸਬੰਧੀ ਜਾਣਕਾਰੀ ਦਿੱਤੀ ਗਈ | ਉਨ੍ਹਾਂ ਵੱਲੋਂ ਵਿਸ਼ਵ ਬਜ਼ੁਰਗ ਦੁਰਵਿਵਹਾਰ ਜਾਗਰੂਕਤਾ ਦਿਵਸ ਮੌਕੇ ਸਰਕਾਰ ਤੋਂ ਮੰਗ ਕੀਤੀ ਕਿ ਬਜ਼ੁਰਗਾਂ ਦੇ ਅਧਿਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ | ਐਗਜ਼ੈਕਟਿਵ ਮੈਂਬਰ ਲਲਿਤ ਕੁਮਾਰ ਓਹਰੀ ਨੇ ਪਿਛਲੇ ਮਹੀਨੇ ਮੈਂਬਰਾਂ ਵੱਲੋਂ ਕੀਤੀ ਗਈ ਧਾਰਮਿਕ ਅਤੇ ਇਤਿਹਾਸਕ ਯਾਤਰਾ ਸਬੰਧੀ ਜਾਣਕਾਰੀ ਦਿੱਤੀ | ਕੁੱਝ ਘਰੇਲੂ ਕਾਰਨਾਂ ਕਰਕੇ ਜਨਰਲ ਸਕੱਤਰ ਐੱਸ.ਕੇ ਪੁਰੀ ਦੇ ਮੀਟਿੰਗ ਵਿਚ ਹਾਜ਼ਰ ਨਾ ਹੋਣ ਕਾਰਨ ਸਕੱਤਰ ਹੁਸਨ ਲਾਲ ਬਾਲੀ ਵੱਲੋਂ ਪਿਛਲੇ ਮਹੀਨੇ ਹੋਈ ਮੀਟਿੰਗ ਦੌਰਾਨ ਹੋਈਆਂ ਗਤੀਵਿਧੀਆਂ ਬਾਰੇ ਦੱਸਿਆ ਗਿਆ | ਹਰ ਵਾਰ ਦੀ ਤਰ੍ਹਾਂ ਜਿਨ੍ਹਾਂ ਮੈਂਬਰਾਂ ਦੇ ਜਨਮ ਦਿਨ ਅਤੇ ਵਿਆਹ ਦੀ ਵਰ੍ਹੇਗੰਢ ਮਈ ਅਤੇ ਜੂਨ ਮਹੀਨੇ ਵਿਚ ਆਉਂਦੇ ਹਨ ਉਨ੍ਹਾਂ ਨੂੰ ਪ੍ਰਧਾਨਗੀ ਮੰਡਲ ਵੱਲੋਂ ਫੁੱਲ ਭੇਟ ਕਰ ਕੇ ਮੁਬਾਰਕਬਾਦ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ | ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਪੁੱਜੇ ਲਿਵਾਸਾ ਹਸਪਤਾਲ ਨਵਾਂਸ਼ਹਿਰ ਦੇ ਡਾ. ਅਮਨਿੰਦਰ ਕੌਰ ਵੱਲੋਂ ਕਿਡਨੀ ਦੀਆਂ ਹੋਣ ਵਾਲੀਆਂ ਬਿਮਾਰੀਆਂ ਦੇ ਕਾਰਨ ਅਤੇ ਉਸ ਦੇ ਇਲਾਜ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਮੈਂਬਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਦਿੱਤੇ | ਪ੍ਰਧਾਨਗੀ ਮੰਡਲ ਵੱਲੋਂ ਡਾ. ਅਮਨਿੰਦਰ ਕੌਰ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ | ਸੀਨੀਅਰ ਸਿਟੀਜਨਜ਼ ਨਾਲ ਸਬੰਧਿਤ ਡਾਇਰੈਕਟਰੀ ਜਿਸ ਨੂੰ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਵੱਲੋਂ ਰਿਲੀਜ਼ ਕੀਤਾ ਗਿਆ ਸੀ ਨੂੰ ਹਾਜ਼ਰ ਮੈਂਬਰਾਂ ਵਿਚ ਵੰਡਿਆਂ ਗਿਆ | ਅੰਤ ਵਿੱਚ ਕੁੱਝ ਦਿਨ ਪਹਿਲਾਂ ਅਹਿਮਦਾਬਾਦ ਵਿਖੇ ਹੋਏ ਹਵਾਈ ਹਾਦਸੇ ਵਿੱਚ ਮਾਰੇ ਗਏ ਲੋਕਾਂ ਨੂੰ ਅਤੇ ਸੀਨੀਅਰ ਸਿਟੀਜਨਜ਼ ਐਸੋਸੀਏਸ਼ਨ ਦੇ ਮੈਂਬਰਾਂ ਜਗਮੋਹਨ ਖੰਨਾ ਅਤੇ ਕਮਲੇਸ਼ ਰਾਣੀ ਪਤਨੀ ਸੁਸ਼ੀਲ ਕੁਮਾਰ ਦੇ ਦੇਹਾਂਤ 'ਤੇ ਉਨ੍ਹਾਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ |