ਮਜਾਰੀ/ਸਾਹਿਬਾ, 16 ਜੂਨ (ਨਿਰਮਲਜੀਤ ਸਿੰਘ ਚਾਹਲ)-ਰਾਜ ਮਾਰਗ ਦੇ ਕਿਨਾਰਿਆਂ 'ਤੇ ਅੱਗ ਲਗਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਜਿਸ ਨਾਲ ਸੁੱਕੇ ਦਰਖਤ ਅੱਗ ਦੀ ਲਪੇਟ 'ਚ ਆ ਕੇ ਸੜ ਕੇ ਥੱਲੇ ਡਿਗ ਰਹੇ ਹਨ ਅਤੇ ਹਰੇ ਦਰਖਤਾਂ ਦੇ ਤਣੇ ਵੀ ਥੱਲਿਓਾ ਅੱਗ ਨਾਲ ਝੁਲਸੇ ਗਏ ਹਨ | ਸੜਕਾਂ ਕਿਨਾਰੇ ਖੜ੍ਹੀ ਹਰਿਆਵਲ ਵੀ ਅੱਗ ਨਾਲ ਰਾਖ ਹੋ ਰਹੀ ਹੈ | ਬੀਤੇ ਦਿਨ ਕਸਬਾ ਮਜਾਰੀ ਲਾਗੇ ਗੁਰਦੁਆਰਾ ਨਾਨਕਸਰ ਠਾਠ ਮਜਾਰੀ ਦੇ ਨੇੜੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਅੱਤ ਦੀ ਪੈ ਰਹੇ ਗਰਮੀ ਕਾਰਨ ਸੁੱਕੇ ਖੜ੍ਹੇ ਘਾਹ ਫੂਸ ਨੂੰ ਅੱਗ ਲਗਾ ਦਿੱਤੀ ਗਈ | ਜਿਸ ਨੇ ਕਾਫੀ ਹਿੱਸੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ | ਜਿਸ ਨਾਲ ਸੁੱਕੇ ਖੜ੍ਹੇ ਦਰਖਤ ਸੜ ਕੇ ਖੇਤਾਂ ਵੱਲ ਡਿੱਗ ਪਏ | ਅੱਗ ਨਾਲ ਸੜਕ ਵਿੱਚ ਫੈਲੇ ਧੂੰਏ ਕਾਰਨ ਰਾਹਗੀਰਾਂ ਨੂੰ ਵੀ ਲੰਘਣ ਵਿੱਚ ਮੁਸ਼ਕਲ ਆਈ | ਇਸ ਰਾਜ ਮਾਰਗ 'ਤੇ ਕਈ ਥਾਵਾਂ 'ਤੇ ਸੜਕ ਕਿਨਾਰੇ ਖੜੇ੍ਹ ਨੜ੍ਹੇ ਅੱਗ ਲੱਗਣ ਨਾਲ ਸੜਕ ਵਿੱਚ ਨੂੰ ਡਿੱਗੇ ਹੋਏ ਹਨ | ਜੋ ਆਵਾਜਾਈ ਵਿੱਚ ਵੀ ਅੜਿਕਾ ਬਣ ਰਹੇ ਹਨ | ਇਸੇ ਤਰ੍ਹਾਂ ਇਸ ਮਾਰਗ ਦੇ ਦੋਵੇਂ ਪਾਸੇ ਕਿਨਾਰਿਆਂ 'ਤੇ ਵੱਡੇ-ਵੱਡੇ ਦਰਖਤ ਸੜ ਕੇ ਥੱਲੇ ਡਿੱਗੇ ਹੋਏ ਹਨ ਤੇ ਕਈ ਦਰਖਤ ਖੋਲ ਬਣ ਕੇ ਖੜੇ੍ਹ ਹਨ ਜੋ ਕਿਸੇ ਵੇਲੇ ਵੀ ਸੜਕ ਵੱਲ੍ਹ ਡਿੱਗ ਕੇ ਕਿਸੇ ਰਾਹਗੀਰ ਨੂੰ ਆਪਣੀ ਲਪੇਟ 'ਚ ਲੈ ਸਕਦੇ ਹਨ | ਪਰ ਜੰਗਲਾਤ ਵਿਭਾਗ ਵਲੋਂ ਇਸ ਸੜਕ ਦੇ ਦੋਵਾਂ ਕਿਨਾਰਿਆਂ 'ਤੇ ਅੱਗ ਲਾ ਕੇ ਸਾੜੇ ਜਾ ਰਹੇ ਦਰੱਖਤਾਂ ਨੂੰ ਬਚਾਉਣ ਵਾਸਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ |