ਬਲਾਚੌਰ, 16 ਜੂਨ (ਨਰੇਸ਼ ਧੌਲ)-ਪਿਛਲੇ ਕੁੱਝ ਸਮੇਂ ਤੋਂ ਇਕ ਡੇਰਾ ਸੰਚਾਲਕ ਭਗਵੇਂ ਬਾਣੇ ਵਾਲੇ ਸਾਧ ਵਲੋਂ ਆਪਣੀ ਕਿਸੇ ਮਹਿਲਾ ਸ਼ਰਧਾਲੂ ਨਾਲ ਅਸ਼ਲੀਲ ਹਰਕਤਾਂ ਕਰਦੇ ਹੋਏ ਬਣਾਈ ਗਈ ਵੀਡੀਓ ਬਹੁ ਗਿਣਤੀ ਇਲਾਕਾ ਵਾਸੀਆਂ ਦੇ ਫੋਨਾਂ ਦਾ ਸ਼ਿੰਗਾਰ ਬਣੀ ਹੋਈ ਹੈ | ਛੱਤਰੀ ਸਾਹਿਬ ਮੰਦਰ ਸ੍ਰੀ ਛੁਡਾਣੀ ਧਾਮ ਦੇ ਸਰਬ ਉੱਚ ਪੀਠਾਧੀਸ਼ਵਰ ਮਹੰਤ ਦਇਆ ਸਾਗਰ ਵਲੋਂ ਸੋਸ਼ਲ ਮੀਡੀਆ 'ਤੇ ਪਾਈ ਵੀਡੀਓ ਰਾਹੀਂ ਅਤੇ ਲਿਖਤੀ ਆਦੇਸ਼ ਦਿੰਦਿਆਂ ਹੋਇਆਂ ਵੀ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਭੇਖ ਅੰਦਰ ਅਜਿਹੇ ਸੰਤ ਅਤੇ ਉਸ ਦੇ ਸਹਿਯੋਗੀਆਂ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਇਸ ਵਾਇਰਲ ਹੋਈ ਵੀਡੀਓ ਦੀ ਜਾਂਚ ਕਰਨ ਉਪਰੰਤ ਭੇਖ ਨਾਲ ਸੰਬੰਧਤ ਸੰਤਾਂ ਮਹਾਂਪੁਰਸ਼ਾਂ ਦੀ ਰਾਏ ਲੈ ਕੇ ਉਕਤ ਸਾਧ ਨੂੰ ਪਦ ਮੁਕਤ ਕਰਨ ਦਾ ਆਦੇਸ਼ ਜਾਰੀ ਕੀਤਾ ਹੈ | ਉਨ੍ਹਾਂ ਐਸ. ਐਸ. ਪੀ ਲੁਧਿਆਣਾ ਨੂੰ ਡੇਰੇ ਦੀ ਸੁਰੱਖਿਆ ਅਤੇ ਉਕਤ ਸਾਧ ਅਤੇ ਉਸ ਦੇ ਸਹਿਯੋਗੀਆਂ ਵਿਰੁੱਧ ਐਫ. ਆਈ. ਆਰ ਦਰਜ ਕਰਨ ਦੀ ਮੰਗ ਕੀਤੀ ਹੈ | ਉਨ੍ਹਾਂ ਉਕਤ ਸਾਧ ਦੇ ਪ੍ਰਚਾਰ 'ਤੇ ਵੀ ਪੂਰਨ ਤੌਰ 'ਤੇ ਰੋਕ ਲਗਾ ਦਿੱਤੀ ਹੈ ਤੇ ਤਲਵੰਡੀ ਖੁਰਦ ਨੂੰ ਛੱਡਣ ਦਾ ਆਦੇਸ਼ ਜਾਰੀ ਕੀਤਾ ਹੈ | ਇਸ ਤੋਂ ਇਲਾਵਾ ਅਸ਼ਲੀਲ ਵੀਡੀਓ ਵਾਇਰਲ ਨਾ ਕਰਨ ਲਈ ਦਿੱਤੀ ਗਈ 38 ਲੱਖ ਰੁਪਏ ਦੀ ਰਾਸ਼ੀ ਨੂੰ ਵੀ ਰਿਕਵਰ ਕਰਨ ਲਈ ਕਿਹਾ ਗਿਆ ਹੈ ਅਤੇ ਸੰਬੰਧਿਤ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ | ਇਸ ਸਬੰਧੀ ਉਨ੍ਹਾਂ ਵਲੋਂ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਉਕਤ ਸਾਧ ਅਤੇ ਉਸ ਦੇ ਸਹਿਯੋਗੀਆਂ ਵਲੋਂ ਸੰਗਤਾਂ ਕੋਲੋਂ ਧਾਰਮਿਕ ਸਥਾਨਾਂ ਦੇ ਨਾਂਅ 'ਤੇ ਇਕੱਤਰ ਕੀਤੀ ਗਈ ਧਨ ਦੌਲਤ ਦੀ ਦੁਰਵਰਤੋਂ ਕਰਦਿਆਂ ਹੋਇਆਂ ਵੱਖ-ਵੱਖ ਸਥਾਨਾਂ 'ਤੇ ਪਲਾਟ, ਦੁਕਾਨਾਂ ਅਤੇ ਖੇਤੀ ਯੋਗ ਜ਼ਮੀਨਾਂ ਵੀ ਆਪਣੇ ਨਜ਼ਦੀਕੀਆਂ ਦੇ ਨਾਂਅ 'ਤੇ ਕਰਵਾਉਣ ਦੀਆਂ ਆਡੀਓਜ਼ ਵਾਇਰਲ ਹੋਈਆਂ ਹਨ ਜਿਨ੍ਹਾਂ ਦੀ ਵੀ ਉੱਚ ਪੱਧਰੀ ਜਾਂਚ ਪੜਤਾਲ ਕਰਵਾ ਕੇ ਸੰਪਤੀ ਨੂੰ ਜ਼ਬਤ ਕੀਤਾ ਜਾਵੇਗਾ |