ਬਲਾਚੌਰ, 16 ਜੂਨ (ਨਰੇਸ਼ ਧੌਲ)-ਕਸਬਾ ਭੱਦੀ ਵਿਖੇ ਲੋਕਾਂ ਦੀ ਸਹੂਲਤ ਲਈ ਬਣਾਏ ਗਏ ਸੁਵਿਧਾ ਕੇਂਦਰ ਨੂੰ ਅਣਪਛਾਤੇ ਚੋਰ ਵਲੋਂ ਨਿਸ਼ਾਨਾ ਬਣਾਇਆ ਗਿਆ | ਪ੍ਰਾਪਤ ਜਾਣਕਾਰੀ ਅਤੇ ਥਾਣਾ ਸਦਰ ਬਲਾਚੌਰ ਪੁਲਿਸ ਨੂੰ ਦਿੱਤੀ ਗਈ ਲਿਖਤੀ ਦਰਖਾਸਤ ਅਨੁਸਾਰ 14 ਜੂਨ ਵਾਲੇ ਦਿਨ ਸੁਵਿਧਾ ਕੇਂਦਰ ਵਿਖੇ ਕੰਮ ਕਰਦੇ ਮਨੀਸ਼ ਕੁਮਾਰ ਬਤੌਰ ਐਚ.ਡੀ ਕੰਪਿਊਟਰ ਆਪ੍ਰੇਟਰ, ਪੂਜਾ ਰਾਣੀ ਕੰਪਿਊਟਰ ਆਪ੍ਰੇਟਰ ਅਤੇ ਵਿਸ਼ਾਲੀ ਕੰਪਿਊਟਰ ਆਪਰੇਟਰ ਆਦਿ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਨੂੰ ਸੁਵਿਧਾ ਕੇਂਦਰ ਦੇ ਦਰਵਾਜ਼ੇ ਨੂੰ ਜੰਦਰਾ ਲਗਾ ਕੇ ਆਪਣੇ-ਆਪਣੇ ਘਰ ਗਏ ਸਨ | ਪ੍ਰੰਤੂ ਜਦੋਂ ਉਨ੍ਹਾਂ ਨੇ 16 ਜੂਨ ਸੋਮਵਾਰ ਦੀ ਸਵੇਰ ਨੂੰ ਡਿਊਟੀ ਦੇ ਟਾਈਮ ਮੌਕੇ ਵੇਖਿਆ ਤਾਂ ਸੁਵਿਧਾ ਕੇਂਦਰ ਦਾ ਮੁੱਖ ਦਰਵਾਜ਼ਾ ਭੰਨਿਆ ਹੋਇਆ ਸੀ ਅਤੇ ਅਣਪਛਾਤੇ ਚੋਰ ਵਲੋਂ ਸਾਮਾਨ ਦਾ ਖਿਲਾਰਾ ਪਾਇਆ ਹੋਇਆ ਸੀ | ਜਿਸ 'ਤੇ ਸੁਵਿਧਾ ਕਰਮਚਾਰੀਆਂ ਵਲੋਂ ਜ਼ਿਲ੍ਹਾ ਮੈਨੇਜਰ ਸੇਵਾ ਕੇਂਦਰ ਸਰਬਜੀਤ ਸਿੰਘ ਨੂੰ ਦੱਸਿਆ ਗਿਆ ਉਪਰੰਤ ਇਸ ਘਟਨਾ ਦੀ ਸੂਚਨਾ ਬਲਾਚੌਰ ਸਦਰ ਪੁਲਿਸ ਨੂੰ ਦਿੱਤੀ ਗਈ | ਸੀ. ਸੀ. ਟੀ. ਵੀ ਕੈਮਰੇ ਖੰਘਾਲਣ ਉਪਰੰਤ ਪਤਾ ਲੱਗਾ ਕਿ ਚੋਰ ਜੋ ਹੈਂਡੀਕੈਪਟ ਜਾਪ ਰਿਹਾ ਸੀ ਜਿਸ ਨੇ ਬਹੁਤ ਹੀ ਤਸੱਲੀ ਨਾਲ ਸੁਵਿਧਾ ਕੇਂਦਰ ਦਾ ਕੀਮਤੀ ਸਾਮਾਨ ਚੋਰੀ ਕੀਤਾ ਅਤੇ ਰਫੂ ਚੱਕਰ ਹੋ ਗਿਆ | ਸੁਵਿਧਾ ਕੇਂਦਰ ਦੇ ਕਰਮਚਾਰੀਆਂ ਨੇ ਜਿੱਥੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਅਣਪਛਾਤੇ ਚੋਰ ਨੂੰ ਛੇਤੀ ਤੋਂ ਛੇਤੀ ਕਾਬੂ ਕਰਕੇ ਚੋਰੀ ਕੀਤੇ ਗਏ ਸਮਾਨ ਦੀ ਭਰਪਾਈ ਕਰਾਈ ਜਾਵੇ | ਉੱਥੇ ਬਲਾਚੌਰ ਪੁਲਿਸ ਨੇ ਵੀ ਸੀ. ਸੀ. ਟੀ. ਵੀ ਕੈਮਰੇ ਖੰਗਾਲਣ ਉਪਰੰਤ ਅਗਲੇਰੀ ਕਾਰਵਾਈ ਅਤੇ ਜਾਂਚ ਸ਼ੁਰੂ ਕਰ ਦਿੱਤੀ |