ਬਲਾਚੌਰ, 16 ਜੂਨ (ਨਰੇਸ਼ ਧੌਲ)-ਚੰਡੀਗੜ੍ਹ ਜਲੰਧਰ ਨੈਸ਼ਨਲ ਹਾਈਵੇ ਬਲਾਚੌਰ ਬਾਈਪਾਸ ਦੇ ਨਜ਼ਦੀਕ ਸੁੱਜੋਵਾਲ ਪੁਲ ਵਿਖੇ ਸੜਕ ਬਣਾਉਣ ਵੇਲੇ ਕੱਟ ਰੱਖਿਆ ਗਿਆ ਸੀ ਜਿਸ ਨੂੰ ਸਮਿੰਟਡ ਰੋਕਾਂ ਨਾਲ ਆਰਜੀ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ | ਜਿਸ ਸਬੰਧੀ ਇਲਾਕਾ ਵਾਸੀਆਂ ਨੇ ਭਾਰੀ ਰੋਸ ਜਾਹਰ ਕਰਦਿਆਂ ਹੋਇਆਂ ਐਸ. ਡੀ. ਐਮ ਬਲਾਚੌਰ ਨੂੰ ਲਿਖਤੀ ਮੰਗ ਪੱਤਰ ਦੇ ਕੇ ਉਸ ਕੱਟ ਨੂੰ ਖੁਲਵਾਉਣ ਦੀ ਮੰਗ ਕੀਤੀ ਗਈ | ਸਰਪੰਚ ਜਸਵਿੰਦਰ ਸਿੰਘ ਸੁੱਜੋਵਾਲ ਅਤੇ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਮਲ ਸਿੰਘ ਔਜਲਾ ਆਦਿ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਸੜਕ ਦਾ ਨਿਰਮਾਣ ਹੋਣ ਵੇਲੇ ਤੋਂ ਹੀ ਇਹ ਕੱਟ ਰੱਖਿਆ ਗਿਆ ਸੀ ਇਸ ਕੱਟ ਤੋਂ ਨਹਿਰ ਦਾ ਪੁਲ ਪਾਰ ਕਰਕੇ ਲਗਪਗ 20 - 25 ਪਿੰਡਾਂ ਨੂੰ 18 ਫੁੱਟ ਚੌੜੀ ਸੜਕ ਬਣਾਈ ਗਈ ਹੈ | ਇਨ੍ਹਾਂ ਸਾਰੇ ਪਿੰਡਾਂ ਦੇ ਲੋਕ ਇਸ ਕੱਟ ਰਾਹੀਂ ਹੀ ਬਲਾਚੌਰ ਸ਼ਹਿਰ ਅੰਦਰ ਦਾਖਲ ਹੁੰਦੇ ਹਨ | ਸਾਰੇ ਪਿੰਡਾਂ ਦੇ ਬੱਚੇ ਸਕੂਲਾਂ ਨੂੰ ਪੜ੍ਹਨ ਲਈ ਵੀ ਇਸੇ ਹੀ ਕੱਟ ਦੀ ਵਰਤੋਂ ਕਰਦੇ ਹਨ | ਉਨ੍ਹਾਂ ਕਿਹਾ ਕਿ ਪਿਛਲੇ ਦੋ ਤਿੰਨ ਦਿਨਾਂ ਤੋਂ ਆਰਜੀ ਤੌਰ 'ਤੇ ਸਮਿੰਟਡ ਰੋਕਾਂ ਲਗਾ ਕੇ ਇਸ ਕੱਟ ਨੂੰ ਬੰਦ ਕਰ ਦਿੱਤਾ ਗਿਆ ਹੈ ਜਿਸ ਕਾਰਨ ਸਮੁੱਚੇ ਇਲਾਕਾ ਵਾਸੀ ਭਾਰੀ ਖੱਜਲ ਖੁਆਰੀ ਅਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਲਈ ਮਜਬੂਰ ਹਨ | ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਪੁਰਜੋਰ ਮੰਗ ਕੀਤੀ ਕਿ ਇਸ ਕੱਟ ਨੂੰ ਪਹਿਲਾਂ ਦੀ ਤਰਾਂ ਹੀ ਖੋਲਿ੍ਹਆ ਜਾਵੇ ਤਾਂ ਜੋ ਇਲਾਕਾ ਵਾਸੀਆਂ ਨੂੰ ਦਰਪੇਸ਼ ਆ ਰਹੀ ਸਮੱਸਿਆ ਦਾ ਹੱਲ ਹੋ ਸਕੇ | ਇਸ ਮੌਕੇ ਜਸਵਿੰਦਰ ਸਿੰਘ ਸਰਪੰਚ, ਨਿਰਮਲ ਸਿੰਘ ਔਜਲਾ ਪ੍ਰਧਾਨ ਕਿਸਾਨ ਯੂਨੀਅਨ, ਅਮਰ ਨਾਥ ਸਾਬਕਾ ਸਰਪੰਚ, ਨਿਰੰਜਨ ਸਿੰਘ ਮੈਂਬਰ ਪੰਚਾਇਤ, ਜਗਜੀਤ ਸਿੰਘ, ਦਰਸ਼ਨ ਸਿੰਘ, ਹਰਜਿੰਦਰ ਸਿੰਘ, ਮੋਹਣ ਸਿੰਘ, ਸੁਰਜੀਤ ਸਿੰਘ, ਸੋਡੀ ਸਿੰਘ, ਭੋਲਾ ਸਿੰਘ, ਬੱਬੂ ਸਿੰਘ ਅਤੇ ਹੋਰ ਵੱਖ-ਵੱਖ ਸ਼ਖਸੀਅਤਾਂ ਹਾਜ਼ਰ ਸਨ |