13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਵਿਭਾਗ ਦੀ ਲਾਪ੍ਰਵਾਹੀ ਨਾਲ ਨੈਸ਼ਨਲ ਹਾਈਵੇ ਨਜ਼ਦੀਕ ਲੱਗੇ ਬੂਟੇ ਬਿਨਾਂ ਪਾਣੀ ਅਤੇ ਦੇਖਭਾਲ ਤੋਂ ਸੁੱਕ ਰਹੇ

ਅਜੀਤ ਡੈਸਕ 17-06-2025
ਕਾਠਗੜ੍ਹ, 16 ਜੂਨ (ਹਰਸਿਮਰਨ ਜੋਤ ਸਿੰਘ ਕਲੇਰ)-ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਮਾਰਗ ਨੂੰ 4 ਮਾਰਗੀ ਬਣਾਉਣ ਤੋਂ ਬਾਅਦ ਉਸ ਦੀਆਂ ਸਾਈਡਾਂ 'ਤੇ ਛਾਂਦਾਰ ਅਤੇ ਫੁੱਲਦਾਰ ਸੁੰਦਰ ਬੂਟੇ ਲਗਾਏ ਗਏ ਹਨ | ਪਰ ਹਮੇਸ਼ਾ ਹੀ ਦੀਵੇ ਥੱਲੇ ਹਨੇਰੇ ਵਾਲੀ ਕਹਾਵਤ ਬਿਲਕੁਲ ਸਹੀ ਹੈ ਕਿ ਬਿਨਾਂ ਪਾਣੀ ਤੇ ਦੇਖਭਾਲ ਦੇ ਚਲਦਿਆਂ ਇਹ ਬੂਟੇ ਸੁੱਕਣ ਕਿਨਾਰੇ ਹਨ | ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਰਾਸ਼ਟਰੀ ਮਾਰਗ ਦੀਆਂ ਦੋਵੇਂ ਸਾਈਡਾਂ ਨੂੰ ਸੁੰਦਰ ਅਤੇ ਹਰਿਆ ਭਰਿਆ ਬਣਾਉਣ ਲਈ ਹਾਈਵੇ ਨਿਰਮਾਣ ਕੰਪਨੀ ਵੱਲੋਂ ਮਾਰਗਾਂ ਦੇ ਵਿਚਕਾਰ ਬਣੇ ਡਿਵਾਈਡਰ 'ਤੇ ਫੁੱਲਾਂ ਵਾਲੇ ਬੂਟੇ ਲਗਾਏ ਗਏ ਹਨ ਅਤੇ ਉਨ੍ਹਾਂ ਦੀ ਦੇਖਭਾਲ ਵੀ ਕੰਪਨੀ ਵਲੋਂ ਖੁਦ ਕੀਤੀ ਜਾਂਦੀ ਹੈ ਜਦਕਿ ਹਾਈਵੇ ਮਾਰਗ ਦੀਆਂ ਸਾਈਡਾਂ 'ਤੇ ਸੁੰਦਰ ਅਤੇ ਹੋਰ ਫੁੱਲਦਾਰ ਮਹਿੰਗੇ ਬੂਟੇ ਹਾਈਵੇ ਕੰਪਨੀ ਵਲੋਂ ਜੰਗਲਾਤ ਵਿਭਾਗ ਨੂੰ ਮੁਹੱਈਆ ਕਰਵਾਏ ਗਏ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਅਤੇ ਦੇਖਭਾਲ ਦੀ ਜ਼ਿੰਮੇਵਾਰੀ ਜੰਗਲਾਤ ਵਿਭਾਗ ਦੀ ਸੀ | ਦੇਖਿਆ ਗਿਆ ਹੈ ਕਿ ਡਿਵਾਈਡਰ 'ਤੇ ਲੱਗੇ ਫੁੱਲਦਾਰ ਬੂਟਿਆਂ ਦੀ ਦੇਖਭਾਲ ਅਤੇ ਉਨ੍ਹਾਂ ਨੂੰ ਪਾਣੀ ਆਦਿ ਦਾ ਪ੍ਰਬੰਧ ਤਾਂ ਹਾਈਵੇ ਕੰਪਨੀ ਵਲੋਂ ਕੀਤਾ ਜਾਂਦਾ ਹੈ ਲੇਕਿਨ ਜੋ ਬੂਟੇ ਹਾਈਵੇ ਮਾਰਗ ਦੀਆਂ ਸਾਈਡਾਂ 'ਤੇ ਲਗਾਏ ਗਏ ਹਨ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਕੋਈ ਵੀ ਪਾਣੀ ਆਦਿ ਨਹੀਂ ਦਿੱਤਾ ਜਾ ਰਿਹਾ | ਜਿਸ ਕਾਰਨ ਅਸਮਾਨ ਤੋਂ ਵਰਦੀ ਅੱਗ ਨੇ ਲਗਾਏ ਗਏ ਸੁੰਦਰ ਬੂਟਿਆਂ ਨੂੰ ਸੁੱਕਣ ਜੋਗੇ ਕਰ ਦਿੱਤਾ ਹੈ ਅਤੇ ਬੂਟੇ ਬੁਰੀ ਤਰ੍ਹਾਂ ਮੁਰਝਾ ਚੁੱਕੇ ਹਨ | ਇਸ ਤੋਂ ਇਲਾਵਾ ਬਿਸਤ ਦੁਆਬ ਨਹਿਰ ਵਾਲੇ ਪਾਸੇ ਉਗੇ ਨੜਿਆਂ ਤੇ ਹੋਰ ਝਾੜੀਆਂ ਬੂਟੀਆਂ ਦੀ ਕਟਾਈ ਉਪਰੰਤ ਸੁਕੇ ਮਟੀਰੀਅਲ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਜਿਸ ਨਾਲ ਹਰੇ ਭਰੇ ਬੂਟੇ ਅੱਗ ਦੀ ਲਪੇਟ ਵਿੱਚ ਆ ਕੇ ਸੜ ਜਾਂਦੇ ਹਨ | ਪਤਾ ਲੱਗਿਆ ਹੈ ਕਿ ਆਸਰੋਂ ਤੋਂ ਲੈ ਕੇ ਮੁੱਤੋਂ ਪਿੰਡ ਤੱਕ ਜੰਗਲਾਤ ਵਿਭਾਗ ਦੀ ਰੇਂਜ ਕਾਠਗੜ੍ਹ ਵੱਲੋਂ ਬੂਟੇ ਲਗਾਏ ਗਏ ਹਨ ਜਦਕਿ ਮੁੱਤੋਂ ਤੋਂ ਅੱਗੇ ਜਾਡਲਾ ਪਿੰਡ ਤੱਕ ਬਲਾਚੌਰ ਰੇਂਜ ਵੱਲੋਂ ਬੂਟੇ ਲਗਾਏ ਗਏ ਹਨ ਅਤੇ ਇਹਨਾਂ ਦੋਵੇਂ ਰੇਂਜਾਂ ਦੁਆਰਾ ਇਹਨਾਂ ਬੂਟਿਆਂ ਦੀ ਦੇਖਭਾਲ ਨਾ ਕੀਤੇ ਜਾਣ ਕਾਰਨ ਮਹਿੰਗੇ ਭਾਅ ਦੇ ਇਹ ਸੁੰਦਰ ਬੂਟੇ ਗਰਮੀ ਦੀ ਮਾਰ ਨਹੀਂ ਝੱਲਣਗੇ ਅਤੇ ਇਹਨਾਂ ਦੇ ਸੁੱਕਣ ਦੀ ਸ਼ੰਕਾ ਵਧੇਰੇ ਹੈ | ਜੰਗਲਾਤ ਵਿਭਾਗ ਨੂੰ ਚਾਹੀਦਾ ਹੈ ਕਿ ਹਾਈਵੇ ਮਾਰਗ ਦੇ ਨਾਲ ਬੜੀ ਮਿਹਨਤ ਤੇ ਪੈਸਾ ਖਰਚ ਕੇ ਲਗਾਏ ਗਏ ਇਨ੍ਹਾਂ ਸੁੰਦਰ ਬੂਟਿਆਂ ਨੂੰ ਬਚਾਉਣ ਲਈ ਉਚਿਤ ਪ੍ਰਬੰਧ ਕੀਤੇ ਜਾਣ ਤਾਂ ਜੋ ਸਾਡਾ ਵਾਤਾਵਰਣ ਬਚਿਆ ਰਹੇ | ਉਕਤ ਹਾਈਵੇ ਨਾਲ ਲੱਗੇ ਬੂਟਿਆਂ ਦੀ ਦੇਖਭਾਲ ਸਬੰਧੀ ਜਦੋਂ ਜੰਗਲਾਤ ਵਿਭਾਗ ਫਤਿਹਪੁਰ ਦੇ ਰੇਂਜ ਅਫਸਰ ਸੁਨੀਲ ਕੁਮਾਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਦਾ ਫੋਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਚੁੱਕ ਕੇ ਦੱਸਿਆ ਕਿ ਉਹ ਫੋਨ ਘਰ ਛੱਡ ਗਏ ਹਨ ਅਤੇ ਬਾਹਰ ਗਏ ਹੋਏ ਹਨ ਜੋ ਸ਼ਾਮ ਤੱਕ ਆਉਣਗੇ |
ਪਿਛਲੀ ਖ਼ਬਰ ਸੁੱਜੋਂ ਦੇ ਰਾਤਰੀ ਫੁੱਟਬਾਲ ਟੂਰਨਾਮੈਂਟ ਦਾ ਪਹਿਲਾ ਇਨਾਮ ਪਿੰਡ ਧਮਾਈ ਨੇ ਜਿੱਤਿਆ ਅਗਲੀ ਖ਼ਬਰ ਰਾਜ ਮਾਰਗ 'ਚ ਪਏ ਟੋਏ ਅਤੇ ਬਰਮ ਠੀਕ ਕਰਨ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।