ਨਵਾਂਸ਼ਹਿਰ, 17 ਜੂਨ (ਹਰਮਿੰਦਰ ਸਿੰਘ ਪਿੰਟੂ)-ਜਿੱਥੇ ਨਵਾਂਸ਼ਹਿਰ ਵਾਸੀ ਪਿਛਲੇ ਕਈ ਦਿਨਾਂ ਤੋਂ ਗਰਮੀ ਤੋਂ ਬੇਹਾਲ ਸਨ ਉੱਥੇ ਸ਼ਾਮ ਸਮੇਂ ਹੋਏ ਸੁਹਾਵਣੇ ਮੌਸਮ ਅਤੇ ਪਏ ਭਾਰੀ ਮੀਂਹ ਨੇ ਜਿੱਥੇ ਜਲ-ਥਲ ਕਰ ਦਿੱਤਾ ਉੱਥੇ ਚਰਚਾ 'ਚ ਬਣੇ ਰਹੇ ਰੇਲਵੇ ਰੋਡ ਦੀ ਹਾਲਤ ਬੱਦ ਤੋਂ ਬੱਤਰ ਹੋ ਗਈ | ਆਲਮ ਇਹ ਸੀ ਕਿ ਮੀਂਹ ਤੋਂ ਬਾਅਦ ਰੇਲਵੇ ਰੋਡ 'ਤੇ ਚਿੱਕੜ ਹੀ ਚਿੱਕੜ ਹੋ ਗਿਆ | ਸੜਕ ਟੁੱਟੀ ਹੋਣ ਕਾਰਨ ਮੀਂਹ ਦਾ ਪਾਣੀ ਖੜ੍ਹ ਗਿਆ | ਲੋਕਾਂ ਦਾ ਪੈਦਲ ਨਿਕਲਣਾ ਜਿੱਥੇ ਮੁਸ਼ਕਿਲ ਹੋ ਗਿਆ ਉੱਥੇ ਦੋ ਪਹੀਆ ਵਾਹਨ ਵੀ ਹਾਦਸੇ ਦਾ ਸ਼ਿਕਾਰ ਹੁੰਦੇ ਨਜ਼ਰ ਆਏ | ਇਸੇ ਤਰ੍ਹਾਂ ਮੀਂਹ ਦਾ ਪਾਣੀ ਕੋਠੀ ਰੋਡ, ਗੀਤਾ ਭਵਨ, ਰੋਡ, ਆਰੀਆ ਸਮਾਜ ਰੋਡ, ਸਲੋਹ ਰੋਡ ਅਤੇ ਹੋਰ ਨੀਵੇਂ ਥਾਵਾਂ 'ਚ ਮੀਂਹ ਦਾ ਪਾਣੀ ਖੜ੍ਹ ਗਿਆ | ਤਾਪਮਾਨ 'ਚ ਭਾਵੇਂ ਗਿਰਾਵਟ ਆਈ ਹੈ ਪਰ ਸੜਕਾਂ ਦੀ ਖਸਤਾ ਹਾਲਤ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਭ ਤੋਂ ਮਾੜੇ ਹਾਲਾਤ ਰੇਲਵੇ ਰੋਡ 'ਤੇ ਦੇਖਣ ਨੂੰ ਮਿਲੇ | ਸਥਾਨਕ ਵਾਸੀਆਂ ਅਤੇ ਦੁਕਾਨਦਾਰਾਂ ਨੇ ਮੰਗ ਕੀਤੀ ਕਿ ਆਉਣ ਵਾਲੇ ਦਿਨਾਂ ਵਿੱਚ ਮੌਨਸੂਨ ਆਉਣ ਵਾਲਾ ਹੈ | ਉਸ ਤੋਂ ਪਹਿਲਾਂ ਇਸ ਸੜਕ ਦੀ ਸਾਰ ਲਈ ਜਾਵੇ | ਇਸ ਨੂੰ ਵਧੀਆ ਢੰਗ ਨਾਲ ਬਣਾਇਆ ਜਾਵੇ ਤਾਂ ਜੋ ਲੋਕ ਆਪਣੇ ਕੰਮ ਕਰ 'ਤੇ ਆ ਜਾ ਸਕਣ | ਜ਼ਿਕਰਯੋਗ ਹੈ ਕਿ ਇਸ ਰੋਡ 'ਤੇ ਵੱਡੇ-ਵੱਡੇ ਸ਼ੋਅ ਰੂਮ ਹਨ | ਮੀਂਹ ਕਾਰਨ ਕਿਸਾਨਾਂ ਦੇ ਚਿਹਿਰਆਂ 'ਤੇ ਰੌਣਕ ਦੇਖਣ ਨੂੰ ਮਿਲੀ ਕਿਉਂਕਿ ਝੋਨੇ ਦੀ ਖੇਤੀ ਲਈ ਮੀਂਹ ਬਹੁਤ ਲਾਭਦਾਇਕ ਹੈ |