ਬੰਗਾ, 17 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਜ਼ਿਲ੍ਹੇ ਦੇ ਪਿੰਡ ਕਰਨਾਣਾ ਨਿਵਾਸੀਆਂ ਨੂੰ ਬਿਜਲੀ ਦਫ਼ਤਰ ਮੁਕੰਦਪੁਰ ਤੋਂ ਅਪ੍ਰੈਲ 2024 ਤੋਂ ਲੈ ਕੇ ਫਰਵਰੀ 2025 ਤੱਕ 11 ਮਹੀਨਿਆਂ ਦਾ ਇਕੱਠਾ ਬਿਜਲੀ ਦਾ ਬਿੱਲ ਭੇਜਿਆ ਗਿਆ ਹੈ, ਜਿਸ ਨੂੰ ਲੈ ਕੇ ਸਮੂਹ ਕਰਨਾਣਾ ਨਿਵਾਸੀ ਡਾਢੇ ਪ੍ਰੇਸ਼ਾਨ ਹਨ | ਇਹ ਜਾਣਕਾਰੀ ਪੱਤਰਕਾਰਾਂ ਨਾਲ ਸਾਂਝੀ ਕਰਦਿਆਂ ਅਮਰਜੀਤ ਸਿੰਘ ਕਰਨਾਣਾ ਪ੍ਰਧਾਨ ਸ਼ਹੀਦ ਭਗਤ ਸਿੰਘ ਸ਼ੋਸ਼ਲ ਵੈੱਲਫੇਅਰ ਐਂਡ ਕਲਚਰਲ ਸੁਸਾਇਟੀ ਨੇ ਦੱਸਿਆ ਕਿ ਬਿਜਲੀ ਬੋਰਡ ਪੰਜਾਬ ਜਾਂ ਪਾਵਰਕਾਮ ਪੰਜਾਬ ਦੇ ਦਫ਼ਤਰ ਮੁਕੰਦਪੁਰ ਵਲੋਂ 11 ਮਹੀਨਿਆਂ ਦਾ ਇਕੱਠਾ ਬਿਜਲੀ ਦਾ ਬਿੱਲ ਭੇਜਿਆ ਗਿਆ | ਉਨ੍ਹਾਂ ਕਿਹਾ ਕਿ ਪਿੰਡ ਕਰਨਾਣਾ ਨਿਵਾਸੀ ਇਹ ਗੱਲ ਸਮਝ ਨਹੀਂ ਪਾ ਰਹੇ ਕਿ ਮਹਿਕਮੇ ਦੇ ਮੀਟਰ ਰੀਡਰ ਵਲੋਂ 11 ਮਹੀਨਿਆਂ ਦੀ ਇਕੱਠੀ ਮੀਟਰ ਰੀਡਿੰਗ ਕਿਵੇਂ ਕੀਤੀ ਹੈ | ਉਨ੍ਹਾਂ ਕਿਹਾ ਕਿ ਇਹ ਦਫ਼ਤਰ ਬਿਜਲੀ ਉਪਭੋਗਤਾਵਾਂ ਨੂੰ ਆਨ ਲਾਈਨ ਬਿਜਲੀ ਬਿੱਲ ਭੇਜਦਾ ਰਿਹਾ ਹੈ ਜੋ ਕਿ ਲੋਕ ਆਨਲਾਈਨ ਹੀ ਪੇ ਕਰਦੇ ਰਹੇ ਹਨ ਪਰ ਹੁਣ ਅਚਾਨਕ 11 ਮਹੀਨਿਆਂ ਦਾ ਇਕੱਠਾ ਬਿੱਲ ਭੇਜਕੇ ਉਕਤ ਦਫ਼ਤਰ ਕੀ ਸਾਬਤ ਕਰਨਾ ਚਾਹੁੰਦਾ ਹੈ ਸਮਝ ਨਹੀਂ ਆ ਰਿਹਾ | ਅਮਰਜੀਤ ਸਿੰਘ ਕਰਨਾਣਾ ਨੇ ਦੱਸਿਆ ਕਿ ਇਨ੍ਹਾਂ ਬਿੱਲਾਂ ਸਬੰਧੀ ਉਨ੍ਹਾਂ ਨੇ ਬਿਜਲੀ ਮੰਤਰੀ ਪੰਜਾਬ ਸਰਕਾਰ, ਪਾਵਰਕਾਮ ਦੇ ਪਟਿਆਲਾ ਦਫ਼ਤਰ ਨੂੰ ਅਤੇ ਐਸ. ਸੀ ਦਫ਼ਤਰ ਨਵਾਂਸ਼ਹਿਰ ਨੂੰ ਸ਼ਿਕਾਇਤ ਲਿਖ ਭੇਜੀ ਹੈ ਤਾਂ ਜੋ ਸਮੂਹ ਕਰਨਾਣਾ ਨਿਵਾਸੀਆਂ ਨੂੰ ਉਕਤ ਬਿਜਲੀ ਦਫ਼ਤਰ ਵਲੋਂ ਦਿੱਤੀ ਜਾ ਰਹੀ ਪ੍ਰੇਸ਼ਾਨੀ ਦਾ ਹੱਲ ਹੋ ਸਕੇ |