ਕਟਾਰੀਆਂ, 17 ਜੂਨ (ਪ੍ਰੇਮੀ ਸੰਧਵਾਂ)-ਜਦੋਂ ਤੋਂ ਝੋਨੇ ਦੀ ਲੁਆਈ ਦਾ ਕੰਮ ਸ਼ੁਰੂ ਹੋਇਆ, ਉਦੋਂ ਤੋਂ ਹੀ ਕੋਈ ਭਰਵਾਂ ਮੀਂਹ ਨਾ ਪੈਣ ਕਾਰਨ ਕਿਸਾਨਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਲੱਗੇ ਝੋਨੇ ਨੂੰ ਪਾਣੀ ਦੇਣਾ ਪੈਂਦਾ ਸੀ | ਭਾਵੇਂ ਕਿ ਸਰਕਾਰ ਵਲੋਂ ਕਿਸਾਨਾਂ ਨੂੰ ਝੋਨੇ ਦੀ ਲੁਆਈ 'ਤੇ ਪਾਲਣ ਵਾਸਤੇ ਰੋਜ਼ਾਨਾ 8 ਘੰਟੇ ਬਿਜਲੀ ਦਿੱਤੀ ਜਾਂਦੀ ਹੈ | ਪਰ ਫੇਰ ਵੀ ਕਿਸਾਨਾਂ ਦਾ ਕੰਮ ਨਹੀਂ ਸੀ ਸਰਦਾ | ਕਿਉਂਕਿ ਕੜਾਕੇ ਦੀ ਤੇਜ਼ ਧੁੱਪ ਨਾਲ ਲੱਗੇ ਝੋਨੇ 'ਚ ਪਾਣੀ ਬਾਹਲਾ ਚਿਰ ਨਹੀਂ ਅਟਕਦਾ ਜਿਸ ਕਾਰਨ ਖੇਤਾਂ 'ਚ ਤਰੇੜਾਂ ਪੈਣ ਦਾ ਡਰ ਬਣ ਸਕਦਾ ਸੀ | ਕਿਸਾਨਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਵਲੋਂ 8 ਘੰਟੇ ਬਿਜਲੀ ਮਿਲਣ ਨਾਲ ਤੇ ਹੁਣ ਸਵੇਰੇ ਪਏ ਭਰਵੇਂ ਮੀਂਹ ਨਾਲ ਕਿਸਾਨਾਂ ਨੂੰ ਕਾਫੀ ਹੱਦ ਤੱਕ ਰਾਹਤ ਮਿਲੀ | ਉਨ੍ਹਾਂ ਕਿਹਾ ਕਿ ਮੀਂਹ ਪੈਣ ਨਾਲ ਝੋਨੇ ਦੀ ਲੁਆਈ ਦਾ ਕੰਮ ਵੀ ਤੇਜ਼ ਹੋ ਗਿਆ ਹੈ ਤੇ ਕਿਸਾਨ ਟਰੈਕਟਰਾਂ ਨਾਲ ਧੜਾਧੜ ਕੱਦੂ ਕਰਕੇ ਖੇਤਾਂ ਨੂੰ ਤਿਆਰ ਕਰ ਰਹੇ ਹਨ ਤਾਂ ਜੋ ਮੀਂਹ ਦੇ ਪਾਣੀ ਦਾ ਲਾਹਾ ਲਿਆ ਜਾ ਸਕੇ |