ਨਵਾਂਸ਼ਹਿਰ, 17 ਜੂਨ (ਜਸਬੀਰ ਸਿੰਘ ਨੂਰਪੁਰ)-ਪੰਜਾਬ ਸਰਕਾਰ ਵਲੋਂ ਸੂਬੇ 'ਚ ਖੇਡਾਂ ਨੂੰ ਹੋਰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੀਆਂ ਪਸੰਦੀਦਾ ਖੇਡਾਂ ਨਾਲ ਜੋੜਨ ਲਈ ਸਥਾਪਤ ਕੀਤੀਆਂ ਜਾ ਰਹੀਆਂ ਖੇਡ ਨਰਸਰੀਆਂ ਤਹਿਤ ਜ਼ਿਲੇ੍ਹ 'ਚ 6 ਖੇਡ ਨਰਸਰੀਆਂ ਬਣਾਈਆਂ ਗਈਆਂ ਹਨ ਜੋ ਅਥਲੈਟਿਕਸ, ਫੁੱਟਬਾਲ, ਵਾਲੀਬਾਲ, ਕੁਸ਼ਤੀ ਅਤੇ ਬੈਡਮਿੰਟਨ ਦੇ ਖਿਡਾਰੀਆਂ ਲਈ ਵਰਦਾਨ ਸਾਬਤ ਹੋਣਗੀਆਂ | ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਖੇਡ ਨਰਸਰੀਆਂ ਦੀ ਸਥਾਪਤੀ ਅਤੇ ਕੋਚਾਂ ਦੀ ਨਿਯੁਕਤੀ 'ਤੇ ਵਧਾਈ ਦਿੰਦਿਆਂ ਕਿਹਾ ਕਿ ਖਿਡਾਰੀਆਂ ਦੀ ਪ੍ਰਤਿਭਾ ਨੂੰ ਹੋਰ ਨਿਖਾਰਨ 'ਚ ਕੋਚਾਂ ਦੀ ਮੁਹਾਰਤ ਦੀ ਵਿਸ਼ੇਸ਼ ਭੂਮਿਕਾ ਰਹਿੰਦੀ ਹੈ ਅਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਜ਼ਿਲੇ੍ਹ ਅੰਦਰ ਖੇਡ ਨਰਸਰੀਆਂ ਖਿਡਾਰੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਦੇ ਯੋਗ ਬਣਾਉਣ 'ਚ ਅਹਿਮ ਰੋਲ ਅਦਾ ਕਰਨਗੀਆਂ | ਉਨ੍ਹਾਂ ਨੇ ਕੋਚਾਂ ਨੂੰ ਸੱਦਾ ਦਿੱਤਾ ਕਿ ਜ਼ਿਲੇ੍ਹ ਦੇ ਖਿਡਾਰੀਆਂ ਨੂੰ ਇਨ੍ਹਾਂ ਨਰਸਰੀਆਂ ਦਾ ਭਰਪੂਰ ਲਾਭ ਯਕੀਨੀ ਬਣਾਇਆ ਜਾਵੇ | ਪੰਜਾਬ ਸਰਕਾਰ ਵਲੋਂ ਜ਼ਿਲੇ੍ਹ ਨੂੰ ਦਿੱਤੀਆਂ 6 ਖੇਡ ਨਰਸਰੀਆਂ ਬਾਰੇ ਜਾਣਕਾਰੀ ਦਿੰਦੀਆਂ ਜ਼ਿਲ੍ਹਾ ਖੇਡ ਅਫ਼ਸਰ ਵੰਦਨਾ ਚੌਹਾਨ ਨੇ ਦੱਸਿਆ ਕਿ ਇਨ੍ਹਾਂ ਨਰਸਰੀਆਂ ਲਈ ਤਾਇਨਾਤ ਕੀਤੇ ਕੋਚਾਂ ਵਲੋਂ ਆਪਣੀ ਡਿਊਟੀ ਸੰਭਾਲ ਲਈ ਗਈ ਹੈ | ਉਨ੍ਹਾਂ ਦੱਸਿਆ ਕਿ ਪਿੰਡ ਜਗਤਪੁਰ ਵਿਖੇ ਖੇਡ ਨਰਸਰੀ ਲਈ ਫੁੱਟਬਾਲ ਕੋਚ ਸਤਵੀਰ ਸਿੰਘ, ਪਿੰਡ ਥੋਪੀਆਂ ਵਿਖੇ ਵਾਲੀਬਾਲ ਕੋਚ ਮਨਪ੍ਰੀਤ ਸਿੰਘ, ਬੈਡਮਿੰਟਨ ਹਾਲ ਨਵਾਂਸ਼ਹਿਰ ਵਿਖੇ ਕੋਚ ਰਮਨਦੀਪ ਸਿੰਘ, ਪਿੰਡ ਰਾਏਪੁਰ ਡੱਬਾ ਵਿਖੇ ਕੁਸ਼ਤੀ ਕੋਚ ਜਸਪ੍ਰੀਤ ਸਿੰਘ ਦੀ ਨਿਯੁਕਤੀ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਖੇਡ ਨਰਸਰੀਆਂ ਲਈ ਸੁਪਰਵਾਇਜਰ ਵੀ ਨਿਯੁਕਤ ਕੀਤਾ ਗਿਆ ਹੈ ਤਾਂ ਜੋ ਨਰਸਰੀਆਂ ਦੀ ਸਮੁੱਚੀ ਪ੍ਰਕਿਰਿਆ ਦੀ ਨਜ਼ਰਸਾਨੀ ਕੀਤੀ ਜਾ ਸਕੇ | ਇਸ ਦੌਰਾਨ ਕੋਚਾਂ ਨੇ ਵੀ ਆਪਣੀ ਡਿਊਟੀ ਪੂਰੀ ਲਗਨ, ਮਿਹਨਤ ਅਤੇ ਸਮਰਪਣ ਭਾਵਨਾ ਨਾਲ ਨਿਭਾਉਣ ਦੀ ਵਚਨਬੱਧਤਾ ਦੁਹਰਾਈ |