ਨਵਾਂਸ਼ਹਿਰ, 19 ਜੂਨ (ਜਸਬੀਰ ਸਿੰਘ ਨੂਰਪੁਰ)-ਬਰਨਾਲਾ ਕਲਾਂ ਵਿਖੇ ਮੱਕੀ ਦੇ ਹਰੇ ਚਾਰੇ ਨਾਲ ਇੱਕ ਕਿਸਾਨ ਸਰਬਜੀਤ ਸਿੰਘ ਦੇ ਪੰਜ ਪਸ਼ੂ ਮਰ ਗਏ | ਦੱਸਿਆ ਜਾ ਰਿਹਾ ਹੈ ਕਿ ਮੱਕੀ ਦੇ ਹਰੇ ਚਾਰੇ 'ਚ ਜ਼ਹਿਰ ਰੂਪੀ ਕਣ ਆਉਣ ਨਾਲ ਪਸ਼ੂਆਂ ਦੀ ਮੌਤ ਹੋਈ | ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਕੰਮ 'ਤੇ ਗਏ ਹੋਏ ਸਨ | ਉਨ੍ਹਾਂ ਨੂੰ ਪਿੰਡੋਂ ਸੁਨੇਹਾ ਮਿਲਿਆ ਕਿ ਉਨ੍ਹਾਂ ਦੇ ਪਸ਼ੂਆਂ ਦੀ ਹਰੇ ਚਾਰੇ 'ਚ ਕੋਈ ਜ਼ਹਿਰੀਲੀ ਚੀਜ਼ ਆਉਣ ਨਾਲ ਮੌਤ ਹੋ ਗਈ ਹੈ | ਜਦੋਂ ਉਨ੍ਹਾਂ ਵਾਪਸ ਆ ਕੇ ਦੇਖਿਆ ਤਾਂ ਪਹਿਲਾਂ ਇੱਕ ਮੱਝ ਮਰੀ, ਉਸ ਤੋਂ ਬਾਅਦ ਉਸ ਦੇ ਪੰਜ ਪਸ਼ੂ ਤੜਫ਼-ਤੜਫ਼ ਕੇ ਮਰ ਗਏ | ਇਸ ਸੰਬੰਧੀ ਉਨ੍ਹਾਂ ਨੇ ਪਸ਼ੂਆਂ ਦੇ ਕਾਫ਼ੀ ਬਚਾਅ ਦੀ ਕੋਸ਼ਿਸ਼ ਵੀ ਕੀਤੀ ਅਤੇ ਪਸ਼ੂ ਪਾਲਣ ਵਿਭਾਗ ਦੀ ਟੀਮ ਪੁੱਜੀ | ਡਾਕਟਰਾਂ ਦੀ ਟੀਮ 'ਚ ਸਤਬੀਰ ਸਿੰਘ ਅਤੇ ਜਤਿੰਦਰ ਸਿੰਘ ਨੇ ਹਰੇ ਚਾਰੇ ਦੇ ਸੈਂਪਲ ਵੀ ਲਏ ਅਤੇ ਦੇਖਿਆ ਜਾ ਰਿਹਾ ਹੈ ਕਿ ਕਿਸ ਕਾਰਨ ਨਾਲ ਇਨ੍ਹਾਂ ਪਸ਼ੂਆਂ ਦੀ ਮੌਤ ਹੋਈ ਹੈ | ਉਕਤ ਕਿਸਾਨ ਦੇ ਤਿੰਨ ਪਸ਼ੂਆਂ ਦੀ ਹਾਲਤ ਅਜੇ ਵੀ ਬਹੁਤ ਗੰਭੀਰ ਬਣੀ ਹੋਈ ਹੈ | ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ | ਉਹਨਾਂ ਨੇ ਦੱਸਿਆ ਕਿ ਉਹ ਸਵੇਰੇ 9:30 ਵਜੇ ਪੱਠੇ ਪਾ ਕੇ ਗਏ ਸਨ, ਉਸ ਤੋਂ ਬਾਅਦ ਹੀ ਪਸ਼ੂਆਂ ਦੀ ਹਾਲਤ ਗੰਭੀਰ ਬਣੀ | ਮੱਕੀ ਦੇ ਚਾਰੇ ਦੇ ਟੈਸਟ ਲਏ ਗਏ ਅਤੇ ਲੈਬ 'ਚ ਚੈੱਕ ਕਰਾਉਣ ਲਈ ਵੀ ਭੇਜੇ ਗਏ |