ਬਲਾਚੌਰ, 19 ਜੂਨ (ਦੀਦਾਰ ਸਿੰਘ ਬਲਾਚੌਰੀਆ)-ਜ਼ਿਲ੍ਹਾ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਨਸ਼ਾ ਪੀੜਤਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ | ਇਸੇ ਕੜੀ ਤਹਿਤ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ ਨੇ ਸਿਹਤ ਬਲਾਕ ਬਲਾਚੌਰ ਵਿਖੇ ਇਲਾਜ ਕਰਵਾ ਰਹੇ ਨਸ਼ਾ ਪੀੜਤਾਂ ਦਾ ਹਾਲਚਾਲ ਪੁੱਛਿਆ | ਉਨ੍ਹਾਂ ਨੇ ਸਿਹਤ ਬਲਾਕ ਬਲਾਚੌਰ ਦਾ ਦੌਰਾ ਕਰਕੇ ਨਸ਼ਾ ਪੀੜਤਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ | ਇਸ ਦੌਰਾਨ ਉਨ੍ਹਾਂ ਨੇ ਨਸ਼ਾ ਪੀੜਤਾਂ ਲਈ ਇਲਾਜ ਪ੍ਰਬੰਧਾਂ ਲਈ ਐੱਸ.ਓ.ਪੀ. ਦੀ ਪਾਲਣਾ, ਪੀਣ ਵਾਲੇ ਪਾਣੀ ਦੀ ਵਿਵਸਥਾ, ਸਾਫ਼-ਸਫਾਈ ਦੇ ਪ੍ਰਬੰਧ ਤੇ ਮੈਡੀਕਲ ਰਿਕਾਰਡ ਨੂੰ ਵੀ ਦੇਖਿਆ | ਇਸ ਮੌਕੇ ਡਾ. ਹਰਪ੍ਰੀਤ ਸਿੰਘ ਨੇ ਸਟਾਫ਼ ਨੂੰ ਹਦਾਇਤ ਕਰਦੇ ਹੋਏ ਕਿਹਾ ਕਿ ਸਾਨੂੰ ਨਸ਼ਿਆਂ ਤੋਂ ਪੀੜਤ ਵਿਅਕਤੀਆਂ ਨਾਲ ਹਮਦਰਦੀ ਭਰਿਆ ਰਵੱਈਆ ਅਪਣਾਉਣਾ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ ਨਸ਼ੇ ਦਾ ਆਦੀ ਵਿਅਕਤੀ ਇਕ ਰੋਗੀ ਹੁੰਦਾ ਹੈ, ਜਿਸ ਦਾ ਇਲਾਜ ਸੰਭਵ ਹੈ | ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਨਸ਼ਾ ਪੀੜਤਾਂ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡੀਕਲ ਅਫਸਰ ਡਾ. ਰਮਨ ਕੁਮਾਰ, ਨੀਰਜ ਕੁਮਾਰ, ਗੁਰਪ੍ਰੀਤ ਸਿੰਘ ਤੇ ਦੀਪਕ ਕੁਮਾਰ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ?