ਨਵਾਂਸ਼ਹਿਰ, 15 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਵਾਤਾਵਰਨ ਸੰਭਾਲ ਸੁਸਾਇਟੀ ਵਲੋਂ ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿਚ ਪਰਦੂਸ਼ਣ ਮੁਕਤ ਕਲੀਨ ਅਤੇ ਗ੍ਰੀਨ ਦੀਵਾਲੀ ਮਨਾਉਣ ਲਈ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ 'ਤੇ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਭੱਟੀ ਅਤੇ ਬਲਜੀਤ ਚੋਪੜਾ ਨੇ ਪਰਦੂਸ਼ਣ ਦੇ ਵਧ ਰਹੇ ਲੈਵਲ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਦੀਵਾਲੀ ਮੌਕੇ ਪਟਾਕੇ, ਅਨਾਰ, ਆਤਿਸ਼ਬਾਜ਼ੀ ਆਦਿ ਚਲਾਉਣ ਨਾਲ ਸਾਡੇ ਇਲਾਕੇ ਦੀ ਹਵਾ ਦੀ ਗੁਣਵੱਤਾ ਵਾਲਾ ਇੰਡੈਕਸ ਮਾੜੇ ਲੈਵਲ ਤੋਂ ਵੱਧ ਕੇ ਖਤਰਨਾਕ ਹੋ ਜਾਂਦਾ ਹੈ, ਜਿਸ ਨਾਲ ਪਸ਼ੂ-ਪੰਛੀਆਂ, ਛੋਟੇ ਬੱਚਿਆਂ ਅਤੇ ਅਸਥਮਾਂ ਦੇ ਰੋਗੀਆਂ ਦੀ ਜ਼ਿੰਦਗੀ ਨੂੰ ਬਹੁਤ ਹੀ ਜ਼ਿਆਦਾ ਖਤਰਾ ਹੋ ਜਾਂਦਾ ਹੈ | ਲਗਾਤਾਰ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਲੋੜ ਹੈ | ਇਸ ਮੌਕੇ 'ਤੇ ਪਹਿਲੀ ਕਲਾਸ ਦੇ ਵਿਦਿਆਰਥੀ ਰਿਤਿਕ ਕੁਮਾਰ ਦੇ ਜਨਮ ਦਿਨ 'ਤੇ ਸਕੂਲ ਦੇ ਬਗੀਚੇ ਵਿੱਚ ਵੱਖ-ਵੱਖ ਕਿਸਮ ਦੇ ਪੰਜ ਬੂਟੇ ਵੀ ਲਗਾਏ ਗਏ | ਸੁਸਾਇਟੀ ਦੇ ਕੈਸ਼ੀਅਰ ਕੁਲਦੀਪ ਕੁਮਾਰ ਨੇ ਦਿਵਾਲੀ ਦੇ ਇਤਿਹਾਸ ਵਾਰੇ ਜਾਣਕਾਰੀ ਦਿੱਤੀ ਅਤੇ ਇਸ ਤਿਉਹਾਰ ਨੂੰ ਰਵਾਇਤੀ ਤਰੀਕੇ ਨਾਲ ਮਨਾਉਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਪਟਾਕੇ ਬਿਲਕੁਲ ਨਹੀਂ ਵਜਾਉਣੇ ਚਾਹੀਦੇ | ਇਸ ਨਾਲ ਪੈਸੇ ਦੀ ਬਰਬਾਦੀ ਹੁੰਦੀ ਹੈ ਅਤੇ ਪ੍ਰਦੂਸ਼ਣ ਬਹੁਤ ਜ਼ਿਆਦਾ ਵਧ ਜਾਂਦਾ ਹੈ | ਘਰ ਵਿਚ ਸਰੋਂ ਦੇ ਤੇਲ ਜਾਂ ਦੇਸੀ ਘਿਉ ਦੇ ਦੀਵੇ ਬਾਲਣੇ ਚਾਹੀਦੇ ਹਨ | ਬਿਜਲੀ, ਪਾਣੀ, ਕਾਗਜ ਆਦਿ ਦੀ ਦੁਰਵਰਤੋਂ ਰੋਕਣੀ ਚਾਹੀਦੀ ਹੈ | ਇਸ ਮੌਕੇ 'ਤੇ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਭੱਟੀ, ਵਾਇਸ ਪ੍ਰਧਾਨ ਤਰਸੇਮ ਲਾਲ, ਕੁਲਦੀਪ ਕੁਮਾਰ, ਧਰਮਪਾਲ ਬਾਲੀ, ਬਲਜੀਤ ਚੋਪੜਾ, ਸਤਪਾਲ ਸ਼ਰਮਾਂ ਅਤੇ ਸਕੂਲ ਦੇ ਪਿ੍ੰਸੀਪਲ ਰਾਜਿੰਦਰ ਸਿੰਘ ਗਿੱਲ, ਵਾਈਸ ਪਿ੍ੰਸੀਪਲ ਇੰਦਰਜੀਤ ਕੌਰ, ਗੁਰਪ੍ਰੀਤ ਕੌਰ, ਅਮਨਦੀਪ ਕੌਰ, ਸਰਬਜੀਤ ਕੌਰ, ਸੰਤੋਸ਼ ਰਾਣੀ, ਮਹਿੰਦਰ ਪਾਲ, ਸਕੂਲ ਦਾ ਸਾਰਾ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ |