16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਫਿਲੌਰ ਰੋਡ ਰਾਹੋਂ ਤੋਂ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਦੁਕਾਨਦਾਰ ਤੇ ਰਾਹਗੀਰ ਪ੍ਰੇਸ਼ਾਨ

ਅਜੀਤ ਡੈਸਕ 17-10-2025
ਰਾਹੋਂ, 16 ਅਕਤੂਬਰ (ਉਂਕਾਰ ਸਿੰਘ ਰਾਠੋਰ)-ਰਾਹੋਂ ਦੇ ਫਿਲੌਰ ਰੋਡ ਨੇੜੇ ਲੱਕੀ ਕੋਕਾ-ਕੋਲਾ ਏਜੰਸੀ ਦੇ ਸਾਹਮਣੇ ਪਿਛਲੇ ਕਈ ਦਿਨਾਂ ਤੋਂ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਦੁਕਾਨਦਾਰਾਂ, ਰਾਹਗੀਰਾਂ ਤੇ ਮੁਹੱਲੇ ਦੇ ਲੋਕਾਂ ਦਾ ਜਿਊਣਾ ਮੁਹਾਲ ਹੋ ਗਿਆ ਹੈ | ਉਨ੍ਹਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮੇਨ ਰੋਡ ਤੋਂ ਪਾਣੀ ਦੀ ਨਿਕਾਸੀ ਸਹੀ ਨਹੀਂ ਹੋਣ ਕਾਰਨ ਬਾਰਿਸ਼ ਤੇ ਨਾਲੇ ਦਾ ਗੰਦਾ ਪਾਣੀ ਮੇਨ ਰੋਡ ਉੱਪਰ ਹਮੇਸ਼ਾ ਖੜ੍ਹਾ ਰਹਿੰਦਾ ਹੈ | ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕਾਲੇ ਰੰਗ ਦੇ ਗੰਦੇ ਪਾਣੀ ਤੋਂ ਉੱਠਣ ਵਾਲੀ ਬਦਬੂ ਕਾਰਨ ਤੇ ਲੰਘਣ ਲਈ ਦੁਕਾਨਦਾਰਾਂ, ਰਾਹਗੀਰਾਂ ਅਤੇ ਹੋਰ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਨਗਰ ਕੌਂਸਲ ਇਸ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀ | ਉਨ੍ਹਾਂ ਕਿਹਾ ਲੰਬੇ ਸਮੇਂ ਤੋਂ ਨਾਲੇ ਦੀ ਸਫ਼ਾਈ ਨਹੀਂ ਕੀਤੀ ਗਈ, ਜਿਸ ਕਾਰਨ ਨਾਲੇ 'ਚ ਕੂੜਾ ਕਰਕਟ, ਲਿਫ਼ਾਫ਼ੇ, ਮਲਬਾ ਤੇ ਹੋਰ ਗੰਦਗੀ ਜਮ੍ਹਾ ਹੋਣ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ | ਜਿਸ ਕਾਰਨ ਨਾਲੇ ਦਾ ਪਾਣੀ ਓਵਰਫ਼ਲੋ ਹੋਣ ਕਾਰਨ ਬਾਹਰ ਆ ਜਾਂਦਾ ਹੈ ਤੇ ਰੋਡ 'ਤੇ ਜਮਾ ਹੋ ਜਾਂਦਾ ਹੈ, ਜਿਸ ਨਾਲ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ | ਦੁਕਾਨਦਾਰਾਂ ਨੇ ਦੱਸਿਆ ਕੇ ਉਨ੍ਹਾਂ ਦੇ ਕਈ ਦੁਕਾਨਦਾਰ ਗੰਦੇ ਪਾਣੀ ਕਾਰਨ ਹੁਣ ਤੱਕ ਵੱਡੀ ਗਿਣਤੀ ਵਿਚ ਬਿਮਾਰ ਹੋ ਚੁੱਕੇ ਹਨ | ਦੁਕਾਨਦਾਰਾਂ ਨੇ ਕਿਹਾ ਕਿ ਮੇਨ ਰੋਡ ਦੇ ਨਾਲ ਵੱਗਣ ਵਾਲੇ ਨਾਲੇ ਦੀ ਸਫ਼ਾਈ ਵੱਲ ਨਗਰ ਕੌਂਸਲ ਕੋਈ ਧਿਆਨ ਨਹੀਂ ਦੇ ਰਿਹਾ | ਉਨ੍ਹਾਂ ਨੇ ਕਿਹਾ ਕੇ ਨਗਰ ਕੌਂਸਲ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਨਿਯਮਤ ਤੌਰ 'ਤੇ ਸਫ਼ਾਈ ਦੀ ਵਿਵਸਥਾ ਨੂੰ ਦੇਖੇ | ਉਨ੍ਹਾਂ ਨੇ ਕਿਹਾ ਕਿ ਕੌਂਸਲ ਅਧਿਕਾਰੀਆਂ ਨੂੰ ਇਸ ਸਮੱਸਿਆ ਸੰਬੰਧੀ ਵਾਰ-ਵਾਰ ਕਿਹਾ ਗਿਆ ਹੈ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ | ਗੰਦਾ ਪਾਣੀ ਮਾਮੂਲੀ ਬਾਰਸ਼ ਹੋਣ ਕਾਰਨ ਵੀ ਰੋਡ 'ਤੇ ਆ ਕੇ ਖੜ੍ਹਾ ਹੋ ਜਾਂਦਾ ਹੈ | ਖੜੇ੍ਹ ਪਾਣੀ ਨਾਲ ਮੇਨ ਰੋਡ ਉੱਪਰ ਟੋਏ ਵੀ ਪੈ ਗਏ ਹਨ | ਦੁਕਾਨਦਾਰਾਂ ਨੇ ਨਗਰ ਕੌਂਸਲ ਨੂੰ ਅਪੀਲ ਕੀਤੀ ਕਿ ਇਸ ਸਮੱਸਿਆ ਤੋਂ ਜਲਦ ਰਾਹਤ ਦਵਾਈ ਜਾਵੇ ਤੇ ਗੰਦੇ ਨਾਲੇ ਦੀ ਸਫ਼ਾਈ ਕਰਵਾ ਕੇ ਪਾਣੀ ਦੀ ਨਿਕਾਸੀ ਕੀਤੀ ਜਾਵੇ | ਜੇਕਰ ਗੰਦੇ ਪਾਣੀ ਦੀ ਨਿਕਾਸੀ ਦਾ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਮੁਹੱਲੇ ਦੇ ਲੋਕ, ਦੁਕਾਨਦਾਰ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ | ਇਸ ਸਮੱਸਿਆ ਸੰਬੰਧੀ ਨਗਰ ਕੌਂਸਲ ਦੇ ਅਧਿਕਾਰੀ ਇੰਸਪੈਕਟਰ ਪ੍ਰੀਤਮ ਸਿੰਘ ਨੇ ਕਿਹਾ ਕੇ ਇਹ ਸਮੱਸਿਆ ਉਨ੍ਹਾਂ ਦੇ ਧਿਆਨ ਵਿਚ ਹੈ, ਜਲਦ ਹੀ ਇਸ ਸਮੱਸਿਆ ਦਾ ਹੱਲ ਕਰਵਾ ਦਿੱਤਾ ਜਾਵੇਗਾ | ਇਸ ਮੌਕੇ ਸੁਖਵਿੰਦਰ ਸਿੰਘ, ਹਰਜੋਤ ਸਿੰਘ, ਲੱਕੀ ਕੋਕਾ-ਕੋਲਾ ਏਜੰਸੀ, ਵਿਜੈ ਕੁਮਾਰ, ਮਨਿੰਦਰ ਸਿੰਘ, ਪੁਨੀਤ, ਮਹਾਦੇਵ ਕਰਿਆਨਾ, ਅਨੀਸ਼ ਚੋਪੜਾ, ਸਤਿੰਦਰ ਸਿੰਘ, ਅਜੀਤ ਸਿੰਘ, ਅਮਰੀਕ ਸਿੰਘ, ਗੁਰਦੀਪ ਸਿੰਘ, ਬਲਜਿੰਦਰ ਸਿੰਘ, ਵਿਸ਼ਾਲ ਕੁਮਾਰ, ਗੁਰਪ੍ਰੀਤ ਮੱਲ, ਪ੍ਰੀਤ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ 'ਆਪ' ਹਾਈਕਮਾਨ ਨੇ ਪਾਰਟੀ ਦੇ ਪੁਰਾਣੇ ਵਰਕਰਾਂ ਨੂੰ ਮੀਡੀਆ ਇੰਚਾਰਜ ਲਾ ਕੇ ਮਾਣ ਵਧਾਇਆ-ਚੇਅਰਮੈਨ ਬਲਵੀਰ ਕਰਨਾਣਾ ਅਗਲੀ ਖ਼ਬਰ ਤ੍ਰੈ ਸ਼ਤਾਬਦੀ ਕਾਲਜ ਵਿਖੇ 'ਵਿੱਤੀ ਸਾਖਰਤਾ ਅਤੇ ਕਰੀਅਰ ਜਾਗਰੂਕਤਾ' ਵਿਸ਼ੇ 'ਤੇ ਦੋ ਰੋਜ਼ਾ ਵਰਕਸ਼ਾਪ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।