ਮਜਾਰੀ/ਸਾਹਿਬਾ, 16 ਅਕਤੂਬਰ (ਨਿਰਮਲਜੀਤ ਸਿੰਘ ਚਾਹਲ)-ਮੰਡੀਆਂ 'ਚ ਝੋਨੇ ਦੀ ਆਮਦ ਕਾਫ਼ੀ ਤੇਜ਼ ਹੋ ਗਈ ਹੈ | ਪੰਜਾਬ ਸਰਕਾਰ ਵਲੋਂ ਮੰਡੀਆਂ 'ਚੋਂ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਾ ਆਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਪੰਜਾਬ ਸਰਕਾਰ ਦੀ ਏਜੰਸੀ ਮਾਰਕਫੈੱਡ ਵਲੋਂ ਸਾਹਿਬਾ ਮੰਡੀ 'ਚੋਂ ਖ਼ਰੀਦੇ ਹੋਏ ਝੋਨੇ ਦੀ ਅਜੇ ਤੱਕ ਇਕ ਵੀ ਬੋਰੀ ਨਹੀਂ ਉਠਾਈ ਗਈ | ਜਿਸ ਕਾਰਨ ਮੰਡੀ ਵਿਚ ਬੋਰੀਆਂ ਦੇ ਅੰਬਾਰ ਲੱਗ ਗਏ ਹਨ | ਝੋਨਾ ਲੈ ਕੇ ਆ ਰਹੇ ਕਿਸਾਨ ਤੇ ਆੜ੍ਹਤੀ ਪ੍ਰੇਸ਼ਾਨ ਹੋ ਰਹੇ ਹਨ | ਇਸ ਮੰਡੀ 'ਚੋਂ ਪਨਸਪ ਵਲੋਂ ਤਾਂ ਚੁਕਾਈ ਨਾਲ ਦੀ ਨਾਲ ਹੀ ਕੀਤੀ ਜਾ ਰਹੀ ਹੈ | ਇਸ ਬਾਰੇ ਜ਼ਿਲੇ੍ਹ ਦੇ ਡੀ. ਐਫ. ਐਸ. ਸੀ. ਮੈਡਮ ਸਨਿਉਗਤਾ ਨੇ ਕਿਹਾ ਕਿ ਅਜੇ ਮੰਡੀਆਂ 'ਚ ਬਹੁਤਾ ਝੋਨਾ ਨਹੀਂ ਆ ਰਿਹਾ | ਜਦੋਂ ਉਨ੍ਹਾਂ ਦੇ ਧਿਆਨ 'ਚ ਸਾਹਿਬਾ ਮੰਡੀ 'ਚ ਲੱਗੇ ਬੋਰੀਆਂ ਦੇ ਅੰਬਾਰ ਦਾ ਮਸਲਾ ਲਿਆਂਦਾ ਤਾਂ ਉਨ੍ਹਾਂ ਕਿਹਾ ਕਿ ਜਲਦੀ ਚਕਵਾ ਦਿਆਂਗੇ | ਜ਼ਿਲੇ੍ਹ ਦੇ ਅਫ਼ਸਰਾਂ ਵਲੋਂ ਮਾਰਕਫੈੱਡ ਵਲੋਂ ਖ਼ਰੀਦੇ ਹੋਏ ਝੋਨੇ ਦੀ ਚੁਕਵਾਈ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ, ਜਿਸ ਦਾ ਖ਼ਮਿਆਜ਼ਾ ਆੜ੍ਹਤੀ ਵਰਗ ਨੂੰ ਭੁਗਤਣਾ ਪੈ ਰਿਹਾ ਹੈ | ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਸਾਹਦੜਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਖ਼ਰੀਦੇ ਹੋਏ ਝੋਨੇ ਦੀ ਚੁਕਵਾਈ ਜਲਦੀ ਕਰਵਾ ਕੇ ਕਿਸਾਨਾਂ ਤੇ ਆੜ੍ਹਤੀਆਂ ਨੂੰ ਰਾਹਤ ਦਿਵਾਈ ਜਾਵੇ |