ਬਲਾਚੌਰ, 16 ਅਕਤੂਬਰ (ਨਰੇਸ਼ ਧੌਲ)-ਸੰਤ ਬਾਬਾ ਦਲਜੀਤ ਸਿੰਘ ਸ਼ਿਕਾਗੋ ਵਾਲਿਆਂ ਦੇ ਵੱਡੇ ਸਹਿਯੋਗ ਸਦਕਾ ਬਲਾਚੌਰ ਦੇ ਵਾਸੀਆਂ ਲਈ ਸਿੱਖਿਆ ਖੇਤਰ ਵਿਚ ਨਵੀਂ ਕ੍ਰਾਂਤੀ ਦੀ ਸ਼ੁਰੂਆਤ ਵਜੋਂ 18 ਅਕਤੂਬਰ ਨੂੰ ਖ਼ਾਲਸਾ ਫਾਰਮ (ਸ਼ਿਕਾਗੋ ਐਨਕਲੇਵਜ਼) ਬਲਾਚੌਰ ਵਿਖੇ ਨਵੀਂ ਸਿੱਖਿਆ ਸੰਸਥਾ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ | ਸੰਤ ਬਾਬਾ ਦਲਜੀਤ ਸਿੰਘ ਸ਼ਿਕਾਗੋ ਵਾਲਿਆਂ ਨੇ ਦੱਸਿਆ ਕਿ ਚੀਫ਼ ਖ਼ਾਲਸਾ ਦੀਵਾਨ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧਕਾਂ ਵਲੋਂ ਖੋਲੇ੍ਹ ਜਾ ਰਹੇ 'ਸ੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਬਲਾਚੌਰ' ਦੀ ਇਮਾਰਤ ਦਾ ਨੀਂਹ ਪੱਥਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਸਵੇਰੇ 11 ਵਜੇ ਰੱਖਣਗੇ | ਵਰਨਣਯੋਗ ਹੈ ਕਿ ਇਸ ਸੰਸਥਾ ਲਈ ਇਹ ਪੰਜ ਏਕੜ ਜ਼ਮੀਨ ਵੀ ਸੰਤ ਬਾਬਾ ਦਲਜੀਤ ਸਿੰਘ ਸ਼ਿਕਾਗੋ ਵਾਲਿਆਂ ਵਲੋਂ ਦਾਨ ਕੀਤੀ ਗਈ ਹੈ | ਸਮਾਗਮ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਤਨਾਮ ਸਿੰਘ ਸੰਧੂ ਮੈਂਬਰ ਰਾਜ ਸਭਾ, ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ, ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਤੋਂ ਇਲਾਵਾ ਸਮੁੱਚੀਆਂ ਪਾਰਟੀਆਂ ਦੇ ਆਗੂ ਤੇ ਇਲਾਕੇ ਦੀਆਂ ਹਰ ਵਰਗ ਨਾਲ ਸੰਬੰਧਿਤ ਨਾਮਵਰ ਸ਼ਖ਼ਸੀਅਤਾਂ ਸ਼ਿਰਕਤ ਕਰਨਗੀਆਂ |