23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਪੁਲਿਸ ਸ਼ਹੀਦੀ ਯਾਦਗਾਰ ਦਿਵਸ ਮੌਕੇ ਸ਼ਹੀਦ ਅਫ਼ਸਰਾਂ ਤੇ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ

ਅਜੀਤ ਡੈਸਕ 22-10-2025
ਨਵਾਂਸ਼ਹਿਰ, 21 ਅਕਤੂਬਰ (ਜਸਬੀਰ ਸਿੰਘ ਨੂਰਪੁਰ, ਹਰਪ੍ਰੀਤ ਕੌਰ)-ਪੁਲਿਸ ਸ਼ਹੀਦੀ ਯਾਦਗਾਰ ਦਿਵਸ ਮੌਕੇ ਸਥਾਨਕ ਆਈ. ਟੀ. ਆਈ. ਗਰਾਊਾਡ ਵਿਖੇ ਲੁਧਿਆਣਾ ਰੇਂਜ ਦੇ ਡੀ. ਆਈ. ਜੀ. ਸਤਿੰਦਰ ਸਿੰਘ ਦੀ ਅਗਵਾਈ ਵਿਚ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਸ਼ਹੀਦ ਹੋਣ ਵਾਲੇ ਫੋਰਸਾਂ ਅਤੇ ਪੁਲਿਸ ਦੇ ਅਧਿਕਾਰੀਆਂ ਤੇ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਡੀ. ਆਈ. ਜੀ. ਸਤਿੰਦਰ ਸਿੰਘ ਨੇ ਕਿਹਾ ਕਿ ਸ਼ਹੀਦ ਅਧਿਕਾਰੀਆਂ ਤੇ ਜਵਾਨਾਂ ਦੀਆਂ ਵਡਮੁੱਲੀਆਂ ਕੁਰਬਾਨੀਆਂ ਨੂੰ ਕਦੇ ਵੀ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ ਅਤੇ ਇਹ ਕੁਰਬਾਨੀਆਂ ਦੇਸ਼ ਦੀ ਏਕਤਾ-ਅਖੰਡਤਾ ਨੂੰ ਮਜ਼ਬੂਤ ਰੱਖਣ ਲਈ ਸੁਨਹਿਰੀ ਇਤਿਹਾਸ ਹੈ | ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਸਮੇਤ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਿਜਦਾ ਕਰਦਿਆਂ ਡੀ. ਆਈ. ਜੀ. ਸਤਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਲਈ ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਅਨੇਕਾਂ ਅਧਿਕਾਰੀਆਂ ਅਤੇ ਜਵਾਨਾਂ ਨੇ ਦੇਸ਼ ਦੀ ਏਕਤਾ ਅਤੇ ਭਾਈਚਾਰੇ ਦੀ ਬਰਕਰਾਰੀ ਲਈ ਆਪਣੀਆਂ ਜਾਨਾਂ ਤੱਕ ਦੀ ਪ੍ਰਵਾਹ ਨਹੀਂ ਕੀਤੀ ਜੋ ਪੂਰੀ ਫੋਰਸ ਲਈ ਪ੍ਰੇਰਨਾਸਰੋਤ ਹੈ |
ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਪੰਜਾਬ ਪੁਲਿਸ ਵਿਚ ਰਾਜ ਅੰਦਰ ਅਮਨ-ਕਾਨੂੰਨ ਵਿਵਸਥਾ ਤੇ ਭਾਈਚਾਰੇ ਨੂੰ ਕਾਇਮ ਰੱਖਣ ਦੇ ਜਜ਼ਬੇ ਨੂੰ ਹੋਰ ਮਜ਼ਬੂਤ ਕਰਦੀਆਂ ਹਨ | ਡੀ. ਆਈ. ਜੀ. ਸਤਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੇ ਦਿਨ 1959 ਵਿਚ ਲਦਾਖ਼ ਦੇ ਹਾਟ ਸਪਰਿੰਗ ਨਾਂਅ ਦੀ ਜਗ੍ਹਾ 'ਤੇ ਸਬ-ਇੰਸਪੈਕਟਰ ਕਰਮ ਸਿੰਘ ਦੀ ਅਗਵਾਈ ਵਾਲੀ ਸੀ. ਆਰ. ਪੀ. ਐਫ. ਦੇ ਜਵਾਨਾਂ ਦੀ ਟੁਕੜੀ 'ਤੇ ਚੀਨੀ ਫ਼ੌਜੀਆਂ ਨੇ ਘਾਤ ਲਾ ਕੇ 10 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ | ਉਨ੍ਹਾਂ ਦੱਸਿਆ ਕਿ ਸਾਰਿਆਂ ਨੂੰ ਇਹ ਸੰਕਲਪ ਲੈਣਾ ਚਾਹੀਦਾ ਹੈ ਕਿ ਦੇਸ਼ ਦੀ ਆਨ, ਬਾਨ, ਸ਼ਾਨ ਤੇ ਪੰਜਾਬ ਪੁਲਿਸ ਦੇ ਮਾਣ ਨੂੰ ਹਮੇਸ਼ਾ ਕਾਇਮ ਰੱਖਿਆ ਜਾਵੇ | ਡੀ. ਆਈ. ਜੀ. ਸਤਿੰਦਰ ਸਿੰਘ, ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ, ਐਸ. ਐਸ. ਪੀ. ਡਾ. ਮਹਿਤਾਬ ਸਿੰਘ, ਐਡੀਸ਼ਨਲ ਸੈਸ਼ਨ ਜੱਜ ਬਲਜਿੰਦਰ ਸਿੰਘ ਮਾਨ ਤੇ ਹੋਰਨਾਂ ਅਧਿਕਾਰੀਆਂ ਨੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਸਮੇਤ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਪਰਿਵਾਰਕ ਮੈਂਬਰਾਂ ਨੂੰ ਜ਼ਿਲ੍ਹਾ ਪੁਲਿਸ ਵਲੋਂ ਸਨਮਾਨ ਚਿੰਨ੍ਹ ਦਿੱਤੇ ਗਏ ਅਤੇ ਡੀ. ਆਈ. ਜੀ. ਨੇ ਪਰਿਵਾਰਕ ਮੈਂਬਰਾਂ ਦੀਆਂ ਸ਼ਿਕਾਇਤਾਂ ਤੇ ਮਸਲੇ ਸੁਣੇ | ਉਨ੍ਹਾਂ ਨੇ ਭਰੋਸਾ ਦਿੱਤਾ ਕਿ ਜਲਦ ਹੀ ਇਨ੍ਹਾਂ ਮਸਲਿਆਂ 'ਤੇ ਗਹੁ ਨਾਲ ਵਿਚਾਰ ਕੇ ਢੁਕਵਾਂ ਹੱਲ ਯਕੀਨੀ ਬਣਾਇਆ ਜਾਵੇਗਾ | ਇਸ ਤੋਂ ਪਹਿਲਾਂ ਸੋਗ ਪਰੇਡ ਵਲੋਂ ਸੋਗ ਸਲਾਮੀ ਦਿੱਤੀ ਗਈ ਅਤੇ ਡੀ. ਐਸ. ਪੀ. ਰਾਜ ਕੁਮਾਰ ਵਲੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਫੋਰਸਾਂ ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਅਤੇ ਜਵਾਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਨਾਂਅ ਪੜ੍ਹੇ ਗਏ | ਇਸ ਮੌਕੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਪਰਮਜੀਤ ਕੌਰ, ਹਰਵਿੰਦਰ ਸਿੰਘ, ਬਲਵੰਤ ਕੌਰ, ਗੁਰਮੇਜ ਕੌਰ, ਸੁਰਜੀਤ ਕੌਰ, ਕਮਲਜੀਤ ਕੌਰ, ਗੁਰਮੇਜ ਕੌਰ, ਅਮਨਦੀਪ ਸਿੰਘ, ਕਮਲੇਸ਼ ਰਾਣੀ, ਸ਼ਕੁੰਤਲਾ ਦੇਵੀ, ਸੁਭਾਸ਼ ਚੰਦਰ, ਮੋਨਿਕਾ ਸ਼ਰਮਾ, ਧਰਮਪਾਲ ਬੈਂਸ, ਗੁਰਮੀਤ ਕੌਰ, ਸੁਖਵਿੰਦਰ ਕੌਰ, ਸੁਰਜੀਤ ਕੌਰ, ਗੁਰਦਿਆਲ ਸਿੰਘ, ਮਿੰਦਰ ਕੌਰ, ਗੁਰਮੀਤ ਰਾਮ, ਅਜੇ, ਗੁਰਬਖ਼ਸ਼ ਸਿੰਘ, ਭਗਵੰਤ ਸਿੰਘ ਤੇ ਰੇਸ਼ਮ ਕੌਰ ਦਾ ਸਨਮਾਨ ਕੀਤਾ | ਇਸ ਮੌਕੇ ਐਸ. ਪੀ. ਹੈੱਡਕੁਆਰਟਰ ਇਕਬਾਲ ਸਿੰਘ, ਐਸ. ਪੀ. ਇੰਨਵੈਸਟੀਗੇਸ਼ਨ ਸਰਬਜੀਤ ਸਿੰਘ ਬਾਹੀਆ, ਐਸ. ਪੀ. ਜਸ਼ਨਦੀਪ ਸਿੰਘ ਗਿੱਲ, ਪਰੇਡ ਕਮਾਂਡਰ ਜਸਪ੍ਰੀਤ ਸਿੰਘ ਤੇ ਸੀਨੀਅਰ ਪੁਲਿਸ ਅਧਿਕਾਰੀ ਮੌਜੂਦ ਸਨ |
ਪਿਛਲੀ ਖ਼ਬਰ ਛੋਟੇ ਅਪਰਾਧੀ ਹੀ ਗੈਂਗਸਟਰ ਬਣ ਕੇ ਕਰ ਰਹੇ ਹਨ ਫਿਰੌਤੀ ਦੀਆਂ ਕਾਲਾਂ-ਡੀ.ਜੀ.ਪੀ. ਅਗਲੀ ਖ਼ਬਰ ਲੋੜਵੰਦਾਂ ਦੀ ਕੀਤੀ ਮਦਦ ਦਾ ਫਲ ਜ਼ਰੂਰ ਮਿਲਦਾ-ਸੋਮਪਾਲ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।