ਬੰਗਾ, 22 ਅਕਤੂਬਰ (ਧਰਮਵੀਰ ਪਾਲ)-ਪਿੰਡ ਹੀਓ ਦੀ ਡਰੇਨ ਨਾਲ ਲੱਗਦੇ ਛੱਪੜ ਨੂੰ ਅਚਾਨਕ ਅੱਗ ਲੱਗ ਗਈ | ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਅੱਗ ਦੇ ਕਾਬੂ ਪਾਉਣ ਦੀ ਕੋਸ਼ਸ਼ਿ ਕੀਤੀ, ਪਰ ਅੱਗ ਹੋਰ ਵਧਦੀ ਗਈ | ਸਰਪੰਚ ਪਿਆਰਾ ਰਾਮ ਨੇ ਦੱਸਿਆ ਕਿ ਪਿੰਡ ਹੀਓ ਦੀ ਡਰੇਨ ਨਾਲ ਲੱਗਦੇ ਸੁੱਕੇ ਛੱਪੜ ਵਿੱਚ ਕਾਨਿਆਂ ਤੇ ਨਾੜ ਨੂੰ ਅਚਾਨਕ ਅੱਗ ਲੱਗ ਗਈ ਅੱਗ ਬਹੁਤ ਭਿਆਨਕ ਸੀ ਜਿਸ ਦੀ ਸੂਚਨਾ ਤੁਰੰਤ ਫਾਇਰ ਬਿ੍ਗੇਡ ਨੂੰ ਦਿੱਤੀ ਗਈ | ਮੌਕੇ 'ਤੇ ਪਹੁੰਚੀ ਫਾਇਰ ਬਿ੍ਗੇਡ ਨੇ ਅੱਗ 'ਤੇ ਕਾਬੂ ਪਾਇਆ | ਉਹਨਾਂ ਦੱਸਿਆ ਕਿ ਜੇਕਰ ਫਾਇਰ ਬਿ੍ਗੇਡ ਜਾਂ ਲੋਕਾਂ ਦਾ ਸਹਿਯੋਗ ਨਾ ਮਿਲਦਾ ਤਾਂ ਬਹੁਤ ਜਿਆਦਾ ਨੁਕਸਾਨ ਹੋਣਾ ਸੀ, ਕਿਉਂਕਿ ਛੱਪੜ ਤੇ ਡਰੇਨ ਦੇ ਨਾਲ ਲੱਗਦੇ ਸੁੱਕੇ ਝੋਨੇ ਦੇ ਖੇਤਾਂ ਨੂੰ ਵੀ ਅੱਗ ਚਪੇਟ ਵਿੱਚ ਲੈ ਸਕਦੀ ਸੀ | ਉਹਨਾਂ ਕਿਹਾ ਕਿ ਅਸੀਂ ਬਹੁਤ ਵਾਰ ਪ੍ਰਸ਼ਾਸਨ ਅਤੇ ਸਰਕਾਰ ਨੂੰ ਬੇਨਤੀ ਕਰ ਚੁੱਕੇ ਹਾਂ ਕਿ ਇਹ ਸੁੱਕੇ ਛੱਪੜ ਦੀ ਅਤੇ ਡਰੇਨ ਦੀ ਸਫਾਈ ਕਰਾਈ ਜਾਵੇ ਤਾਂ ਜੋ ਇਹੋ ਜਿਹੀ ਅਣਹੋਣੀ ਘਟਨਾ ਨਾ ਵਾਪਰ ਸਕੇ, ਪਰ ਹਜੇ ਤੱਕ ਸਰਕਾਰ ਨੇ ਉਨਾਂ ਦੀ ਬੇਨਤੀ ਨੂੰ ਕਬੂਲ ਨਹੀਂ ਕੀਤਾ |