ਕਾਠਗੜ੍ਹ, 23 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)- ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ 'ਤੇ ਪਿੰਡ ਸੁੱਧਾ ਮਾਜਰਾ ਦੇ ਨਜ਼ਦੀਕ ਦੋ ਕਾਰਾਂ ਦੀ ਲਪੇਟ 'ਚ ਆਉਣ ਨਾਲ ਇੱਕ ਐਕਟਿਵਾ ਸਵਾਰ ਔਰਤ ਦੀ ਮੌਤ ਅਤੇ ਇੱਕ ਬਜ਼ੁਰਗ ਦੇ ਗੰਭੀਰ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਸ.ਐਫ ਟੀਮ ਦੇ ਇੰਚਾਰਜ ਏ.ਐਸ.ਆਈ ਕੁਲਬੀਰ ਸਿੰਘ ਨੇ ਦੱਸਿਆ ਕਿ ਰਾਹਗੀਰਾਂ ਤੋਂ ਪ੍ਰਾਪਤ ਸੂਚਨਾ ਤੋਂ ਬਾਅਦ ਉਹ ਆਪਣੀ ਟੀਮ ਸਮੇਤ ਤੁਰੰਤ ਦੁਰਘਟਨਾ ਸਥਾਨ 'ਤੇ ਪਹੁੰਚੇ ਅਤੇ ਪਤਾ ਲੱਗਿਆ ਕਿ ਪਿੰਡ ਜੱਬਾ ਨਿਵਾਸੀ ਗੁਰਵਿੰਦਰ ਕੌਰ ਪਤਨੀ ਹਲਵਿੰਦਰ ਰਾਮ ਆਪਣੇ ਰਿਸ਼ਤੇਦਾਰ ਬਜ਼ੁਰਗ ਨਾਲ ਐਕਟਿਵਾ ਸਕੂਟੀ ਨੰਬਰ ਪੀਬੀ 08 ਏ ਐਸ 7702 'ਤੇ ਸਵਾਰ ਹੋ ਕੇ ਮੁੱਤੋਂ ਤੋਂ ਬਲਾਚੌਰ ਵੱਲ ਜਾ ਰਹੇ ਸਨ ਅਤੇ ਜਦੋਂ ਉਹ ਉਕਤ ਹਾਈਵੇ 'ਤੇ ਸਥਿਤ ਸਾਹਿਬ ਢਾਬੇ ਤੋਂ ਥੋੜਾ ਅੱਗੇ ਪਹੁੰਚੇ ਤਾਂ ਰੋਪੜ ਸਾਈਡ ਤੋਂ ਆ ਰਹੀ ਤੇਜ਼ ਰਫਤਾਰ ਸਕੌਡਾ ਕਾਰ ਨੰਬਰ ਸੀ ਐਚ 01ਡੀਏ 7960 ਜਿਸ ਨੂੰ ਸਤੀਸ਼ ਪੁੱਤਰ ਨਾਨਕ ਚੰਦ ਵਾਸੀ ਖਰੜ ਜ਼ਿਲ੍ਹਾ ਮੋਹਾਲੀ ਚਲਾ ਰਿਹਾ ਸੀ ਤੇ ਉਹ ਖਰੜ ਤੋਂ ਗੁਰਦਾਸਪੁਰ ਜਾ ਰਿਹਾ ਸੀ, ਜਿਸ ਨੇ ਐਕਟਿਵਾ ਸਵਾਰਾਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਅਤੇ ਉਹ ਰੋਡ 'ਤੇ ਡਿੱਗ ਪਏ ਪ੍ਰੰਤੂ ਇਸੇ ਦੌਰਾਨ ਪਿੱਛੇ ਤੋਂ ਆ ਰਹੀ ਗਲੈਂਜਾ (ਬਲੀਨੋ) ਕਾਰ ਨੰਬਰ ਪੀਬੀ 20 ਈ 9719 ਜਿਸ ਨੂੰ ਗੁਰਪ੍ਰੀਤ ਸਿੰਘ ਪੁੱਤਰ ਪ੍ਰੇਮ ਚੰਦ ਵਾਸੀ ਨਿੱਘੀ ਥਾਣਾ ਕਾਠਗੜ੍ਹ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਚਲਾ ਰਿਹਾ ਸੀ ਜੋ ਕਿ ਰੋਪੜ ਸਾਈਡ ਤੋਂ ਬਲਾਚੌਰ ਨੂੰ ਜਾ ਰਿਹਾ ਸੀ, ਉਸ ਦੀ ਕਾਰ ਨੇ ਐਕਟਿਵਾ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਕਾਰਨ ਦੋਵੇਂ ਔਰਤ ਅਤੇ ਬਜ਼ੁਰਗ ਗੰਭੀਰ ਜ਼ਖ਼ਮੀ ਹੋ ਗਏ | ਐਸ.ਐਸ.ਐਫ. ਟੀਮ ਨੇ ਔਰਤ ਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਇਲਾਜ ਲਈ ਬਲਾਚੌਰ ਸਿਵਲ ਹਸਪਤਾਲ ਵਿਖੇ ਪਹੁੰਚਾਇਆ, ਜਦਕਿ ਬਜ਼ੁਰਗ ਨੂੰ ਨੈਸ਼ਨਲ ਹਾਈਵੇ ਅਥਾਰਟੀ ਦੀ ਐਬੂਲੈਂਸ ਰਾਹੀਂ ਬਲਾਚੌਰ ਹਸਪਤਾਲ ਵਿਖੇ ਪਹੁੰਚਾਇਆ, ਪਰੰਤੂ ਡਾਕਟਰਾਂ ਨੇ ਔਰਤ ਨੂੰ ਮਿ੍ਤਕ ਕਰਾਰ ਦੇ ਦਿੱਤਾ | ਟੱਕਰ ਇੰਨੀ ਜ਼ਬਰਦਸਤ ਸੀ ਕਿ ਐਕਟਿਵਾ ਹਾਈਵੇ ਨਾਲ ਲਗਾਈ ਰੇਲਿੰਗ ਵਿੱਚ ਜਾ ਟਕਰਾਈ ਅਤੇ ਕਾਰ ਦੀ ਇੱਕ ਸਾਈਡ ਬੁਰੀ ਤਰ੍ਹਾਂ ਨੁਕਸਾਨੀ ਗਈ ਹਾਦਸੇ ਉਪਰੰਤ ਦੋਵੇਂ ਕਾਰਾਂ ਹਾਈਵੇ 'ਤੇ ਰੁਕੀਆਂ ਹੋਈਆਂ ਸਨ ਜਿਨਾਂ ਨੂੰ ਐਸ.ਐਸ.ਐਫ ਟੀਮ ਨੇ ਕਾਠਗੜ੍ਹ ਪੁਲਿਸ ਦੇ ਸਪੁਰਦ ਕਰ ਦਿੱਤਾ | ਕਾਠਗੜ੍ਹ ਪੁਲਿਸ ਵਲੋਂ ਦੋਵੇਂ ਕਾਰਾਂ ਨੂੰ ਕਬਜ਼ੇ ਵਿੱਚ ਲੈ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |