ਨਵਾਂਸ਼ਹਿਰ, 23 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਜ਼ਿਲ੍ਹਾ ਪੁਲਿਸ ਨੇ ਮਹਾਲੋਂ ਲਾਗੇ ਨਾਕਾਬੰਦੀ ਦੌਰਾਨ ਇੱਕ ਕਥਿਤ ਦੋਸ਼ੀ ਤੋਂ ਨਸ਼ਿਆਂ ਵਿਰੁੱਧ ਕਾਰਵਾਈ ਤਹਿਤ 28 ਕਿੱਲੋ 80.46 ਗਰਾਮ ਅਫ਼ੀਮ ਬਰਾਮਦ ਕੀਤੀ ਅਤੇ ਕਥਿਤ ਦੋਸ਼ੀ 'ਤੇ ਮਾਮਲਾ ਦਰਜ ਕੀਤਾ ਗਿਆ | ਇਹ ਜਾਣਕਾਰੀ ਨਵਾਂਸ਼ਹਿਰ ਵਿਖੇ ਸਰਬਜੀਤ ਸਿੰਘ ਬਾਹੀਆ ਐਸ.ਪੀ ਜਾਂਚ ਨੇ ਮੀਟਿੰਗ ਦੌਰਾਨ ਦਿੱਤੀ | ਉਹਨਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵਲੋਂ ਨਿਰਮਲ ਸਿੰਘ ਡੀ.ਐਸ.ਪੀ ਜਾਂਚ ਅਤੇ ਇੰਸਪੈਕਟਰ ਨੀਰਜ ਚੌਧਰੀ ਇੰਚਾਰਜ ਸੀ.ਆਈ.ਏ ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ 'ਚ ਮਹਾਲੋਂ ਵਿਖੇ ਨਾਕਾਬੰਦੀ ਕੀਤੀ ਗਈ | ਜਾਂਚ ਦੌਰਾਨ ਨਵਾਂਸ਼ਹਿਰ ਸਾਈਡ ਤੋਂ ਇਕ ਗੱਡੀ ਕਰੇਟਾ ਆ ਰਹੀ ਸੀ | ਜਿਸ ਨੂੰ ਰੋਕ ਕੇ ਉਸ ਦੀ ਤਲਾਸ਼ੀ ਕੀਤੀ | ਗੱਡੀ ਦੇ ਗੇਅਰ ਲੀਵਰ ਪਾਸ ਬਣੇ ਖ਼ਾਨੇ 'ਚੋਂ 50 ਪੁਆਇੰਟ 40 ਗ੍ਰਾਮ ਅਫ਼ੀਮ ਬਰਾਮਦ ਕੀਤੀ | ਕਥਿਤ ਦੋਸ਼ੀ ਨੇ ਆਪਣਾ ਨਾਂਅ ਇੰਦਰਜੀਤ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਚੱਕ ਠੱਠੀਆਂ ਥਾਣਾ ਬਿਆਸ ਜ਼ਿਲ੍ਹਾ ਅੰਮਿ੍ਤਸਰ ਦੱਸਿਆ | ਉਹਨਾਂ ਦੱਸਿਆ ਕਿ ਜਾਂਚ ਦੌਰਾਨ ਦੋਸ਼ੀ ਇੰਦਰਜੀਤ ਸਿੰਘ ਪਾਸੋਂ ਪੁੱਛਗਿੱਛ ਕਰਨ 'ਤੇ ਉਸ 'ਚੋਂ ਆਪਣੇ ਘਰ ਪਿੰਡ ਚੱਕ ਠਠੀਆਂ ਥਾਣਾ ਬਿਆਸ ਵਿਖੇ ਰੱਖੀ ਛੇ ਕਿੱਲੋ 870 ਗ੍ਰਾਮ ਅਫ਼ੀਮ ਬਰਾਮਦ ਕੀਤੀ | ਕਥਿਤ ਦੋਸ਼ੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਅਫ਼ੀਮ ਦੀ ਸਪਲਾਈ ਕਰਦਾ ਹੈ | ਉਹਨਾਂ ਇਹ ਵੀ ਦੱਸਿਆ ਕਿ ਦਵਿੰਦਰ ਕੁਮਾਰ ਉਰਫ਼ ਲਾਲਾ ਪੁੱਤਰ ਪਵਨ ਕੁਮਾਰ ਵਾਸੀ ਖ਼ੋਜਾ ਥਾਣਾ ਰਾਹੋਂ ਹਾਲ ਵਾਸੀ ਸਲੋਹ ਰੋਡ ਨਵਾਂਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਾਲ ਉਸਦੀ ਕਾਫ਼ੀ ਜਾਣ-ਪਹਿਚਾਣ ਸੀ, ਉਸ ਨਾਲ ਵਟਸਐਪ 'ਤੇ ਗੱਲਬਾਤ ਹੁੰਦੀ ਰਹਿੰਦੀ ਸੀ | ਦਵਿੰਦਰ ਕੁਮਾਰ ਉਰਫ਼ ਲਾਲਾ ਨੇ ਉਸ ਪਾਸੋਂ ਅਫ਼ੀਮ ਮੰਗਵਾਈ ਸੀ | ਦਵਿੰਦਰ ਕੁਮਾਰ ਦੇ ਕਹਿਣ 'ਤੇ ਉਹ ਪਿੰਡ ਕੰਗ ਥਾਣਾ ਰਾਹੋਂ ਵਿਖੇ ਦਵਿੰਦਰ ਕੁਮਾਰ ਦੇ ਘਰ ਵਿੱਚ ਬਾਲਟੀ ਵਿੱਚ ਅਫ਼ੀਮ ਪਾ ਕੇ ਦਿੱਤੀ ਜੋ ਗੇਟ ਦੇ ਪਾਸ ਦੱਬ ਦਿੱਤੀ ਸੀ | ਹੁਣ ਜਦੋਂ ਉਹ ਦਵਿੰਦਰ ਕੁਮਾਰ ਪਾਸੋਂ ਪੈਸੇ ਮੰਗ ਰਿਹਾ ਸੀ ਤਾਂ ਦਵਿੰਦਰ ਕੁਮਾਰ ਉਸ ਦੇ ਪੈਸੇ ਨਹੀਂ ਦੇ ਰਿਹਾ ਸੀ | ਜਿਸ ਕਰਕੇ ਉਹ ਦਵਿੰਦਰ ਕੁਮਾਰ ਦੇ ਘਰ ਰੱਖੀ ਆਫ਼ੀਮ ਲੈਣ ਆਇਆ ਸੀ | ਪੁਲਿਸ ਨੇ ਜਾਂਚ ਦੌਰਾਨ ਇੰਦਰਜੀਤ ਸਿੰਘ ਵੱਲੋਂ ਕੀਤੇ ਇੰਕਸ਼ਾਫ਼ ਦੌਰਾਨ 21 ਕਿੱਲੋ 160 ਗ੍ਰਾਮ ਅਫ਼ੀਮ ਉਸ ਦੇ ਘਰੋਂ ਬਰਾਮਦ ਕੀਤੀ | ਜਿਸ 'ਤੇ ਕਥਿਤ ਦੋਸ਼ੀ ਦਵਿੰਦਰ ਕੁਮਾਰ ਉਰਫ਼ ਲਾਲਾ ਵਾਸੀ ਖ਼ੋਜਾ ਨੂੰ ਵੀ ਮੁਕੱਦਮੇ 'ਚ ਸ਼ਾਮਿਲ ਕੀਤਾ ਗਿਆ | ਪੁਲਿਸ ਵੱਲੋਂ ਇਸ ਮਾਮਲੇ 'ਚ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ | ਉਹਨਾਂ ਦੱਸਿਆ ਕਿ ਕਥਿਤ ਦੋਸ਼ੀ ਪਾਸੋਂ ਕੁੱਲ 28 ਕਿੱਲੋ 80.46 ਗ੍ਰਾਮ ਅਫ਼ੀਮ ਬਰਾਮਦ ਕੀਤੀ ਗਈ |