ਮਜਾਰੀ/ਸਾਹਿਬਾ, 23 ਅਕਤੂਬਰ (ਨਿਰਮਲਜੀਤ ਸਿੰਘ ਚਾਹਲ) - ਕਸਬਾ ਮਜਾਰੀ ਤੋਂ ਖੁਰਦਾਂ ਤੱਕ ਬਣੀ 18 ਫੁੱਟੀ ਸੜਕ ਬਣਨ ਤੋਂ ਬਾਅਦ ਕੁਝ ਸਮੇਂ ਅੰਦਰ ਹੀ ਟੁੱਟਣੀ ਸ਼ੁਰੂ ਹੋ ਗਈ ਸੀ | ਜਿਸ ਦਾ ਹੁਣ ਬਹੁਤ ਮੰਦਾ ਹਾਲ ਹੋਇਆ ਪਿਆ ਹੈ | ਇਸ ਸੜਕ ਵਿਚ ਕਸਬਾ ਮਜਾਰੀ ਤੋਂ ਸ਼ੁਰੂ ਹੋ ਕੇ ਪਿੰਡ ਸਜਾਵਲਪੁਰ ਤੱਕ ਲੰਮੇ, ਚੌੜੇ ਤੇ ਡੂੰਘੇ ਟੋਏ ਪੈ ਚੁੱਕੇ ਹਨ | ਇਨ੍ਹਾਂ ਟੋਇਆਂ 'ਚ ਡਿੱਗ ਕੇ ਰੋਜ਼ਾਨਾਂ ਰਾਹਗੀਰ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ | ਇਸ ਸੜਕ ਵੱਲ ਮੰਡੀ ਬੋਰਡ ਜ਼ਿਲ੍ਹਾ ਪ੍ਰਸ਼ਾਸ਼ਨ ਤੇ ਸਰਕਾਰ ਵਲੋਂ ਉੱਕਾ ਹੀ ਧਿਆਨ ਨਹੀਂ ਦਿੱਤਾ ਜਾ ਰਿਹਾ | ਇਹ ਸੜਕ ਮਜਾਰੀ ਖੇਤਰ ਦੀ ਮੇਨ ਸੜਕ ਹੋਣ ਕਰਕੇ ਇਸ 'ਤੇ ਰੋਜ਼ਾਨਾਂ ਆਲੇ ਦੁਆਲੇ ਤੇ ਦੂਰ ਦੇ 35-40 ਪਿੰਡਾਂ ਦੇ ਲੋਕਾਂ ਦਾ ਦਿਨ ਰਾਤ ਆਉਣਾ ਜਾਣਾ ਬਣਿਆ ਰਹਿੰਦਾ ਹੈ | ਪਿੰਡ ਸਜਾਵਲਪੁਰ ਲਾਗੇ ਤਾਂ ਇਸ ਸੜਕ ਵਿੱਚ ਇਕ ਕਾਫੀ ਲੰਮਾ ਤੇ ਚੌੜਾ ਖੱਡਾ ਬਣ ਚੁੱਕਾ ਹੈ | ਜਦੋਂ ਕਦੇ ਮੀਂਹ ਪੈ ਜਾਂਦਾ ਹੈ ਤਾਂ ਇਥੇ ਗੋਡੇ-ਗੋਡੇ ਤੱਕ ਪਾਣੀ ਭਰ ਜਾਂਦਾ ਹੈ | ਜਿਸ ਨਾਲ ਪੈਦਲ ਲਾਂਘਾ ਤਾਂ ਬੰਦ ਹੀ ਹੋ ਜਾਂਦਾ ਹੈ | ਇਸ ਬਾਰੇ ਹਲਕੇ ਦੇ ਲੋਕਾਂ ਵਲੋਂ ਹਲਕਾ ਵਿਧਾਇਕਾ ਤੱਕ ਕਈ ਵਾਰ ਪਹੁੰਚ ਕੀਤੀ ਗਈ | ਸਿਰਫ ਲਾਰਿਆਂ ਤੋਂ ਸਿਵਾਏ ਕੁੱਝ ਨਹੀਂ ਮਿਲਿਆ | ਜਦੋਂ ਇਸ ਬਾਰੇ ਮੰਡੀ ਬੋਰਡ ਦੇ ਜੇ. ਈ. ਜਗਜੀਤ ਸਿੰਘ ਨਾਲ ਗੱਲਬਾਤ ਕੀਤੀ | ਉਨ੍ਹਾਂ ਦੱਸਿਆ ਕਿ ਪਿੰਡ ਸਜਾਵਲਪੁਰ ਲਾਗੇ ਟੁੱਟੇ ਹੋਏ ਟੋਟੇ ਨੂੰ ਸੀਮਿੰਟ-ਬਜਰੀ ਨਾਲ ਕੰਕਰੀਟ ਦਾ ਬਣਾਉਣ ਬਾਰੇ ਐਸਟੀਮੇਟ ਤਿਆਰ ਕਰਕੇ ਸਰਕਾਰ ਨੂੰ ਭੇਜਿਆ ਜਾ ਰਿਹਾ ਹੈ | ਜਦੋਂ ਵੀ ਸਰਕਾਰ ਵਲੋਂ ਪੈਸੇ ਆ ਗਏ ਪਹਿਲ ਦੇ ਅਧਾਰ 'ਤੇ ਇਸ ਨੂੰ ਬਣਾ ਦਿੱਤਾ ਜਾਵੇਗਾ |