ਬਲਾਚੌਰ, 23 ਅਕਤੂਬਰ (ਨਰੇਸ਼ ਧੌਲ)-ਇਲਾਕੇ ਦੀ ਨਾਮਵਰ ਸ਼ਖਸ਼ੀਅਤ ਡਾ. ਉਜਾਗਰ ਸਿੰਘ ਸੂਰੀ ਮਾਲਕ ਸੂਰੀ ਹਸਪਤਾਲ ਬਲਾਚੌਰ ਦੇ ਅਕਾਲ ਚਲਾਣੇ 'ਤੇ ਜਿੱਥੇ ਸਮੁੱਚੇ ਇਲਾਕਾ ਵਾਸੀਆਂ ਵਲੋਂ ਉਨ੍ਹਾਂ ਦੇ ਸਪੁੱਤਰਾਂ ਅਮਨਦੀਪ ਸਿੰਘ ਸੂਰੀ ਯੂ.ਐਸ.ਏ, ਡਾ. ਭੁਪਿੰਦਰ ਸਿੰਘ ਸੂਰੀ ਅਤੇ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਉਥੇ ਸਤਿਗੁਰ ਓਾਕਾਰਾ ਨੰਦ ਅਨੁਭਵਾ ਨੰਦ ਭੂਰੀ ਵਾਲੇ ਪ੍ਰਬੰਧਕ ਕਮੇਟੀ ਦੇ ਸਮੁੱਚੇ ਅਹੁਦੇਦਾਰਾਂ, ਮੈਂਬਰਾਂ ਤੇ ਮੌਜੂਦਾ ਗੱਦੀਨਸ਼ੀਨ ਅਚਾਰੀਆ ਨਮਰਤਾ ਨੰਦ ਵਲੋਂ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਉਨਾਂ ਦੱਸਿਆ ਕਿ ਡਾ. ਸੂਰੀ ਦਾ ਸਤਿਗੁਰ ਦਾਸਾ ਨੰਦ ਤੇ ਕੁਟੀਆ ਸਾਹਿਬ ਸ੍ਰੀ ਅਨੁਭਵ ਧਾਮ ਨਾਨੋਵਾਲ ਪ੍ਰਤੀ ਕਾਫੀ ਸ਼ਰਧਾ ਸੀ | ਉਨ੍ਹਾਂ ਦੱਸਿਆ ਕਿ ਡਾ. ਸੂਰੀ ਨੇ ਸਤਿਗੁਰ ਦਾਸਾ ਨੰਦ ਦੀ ਪ੍ਰੇਰਣਾ ਸਦਕਾ ਸ੍ਰੀ ਸਤਿਗੁਰ ਅਨੁਭਵਾ ਨੰਦ ਦੀ ਸਮੇਂ-ਸਮੇਂ 'ਤੇ ਸੇਵਾ ਤੇ ਇਲਾਜ ਕੀਤਾ ਅਤੇ ਜਦੋਂ ਖੁਦ ਸ੍ਰੀ ਸਤਿਗੁਰ ਦਾਸਾ ਨੰਦ ਵੀ ਸਰੀਰਕ ਤੌਰ 'ਤੇ ਬਿਮਾਰ ਹੁੰਦੇ ਸਨ ਤਾਂ ਡਾ. ਸੂਰੀ ਤੁਰੰਤ ਉਨ੍ਹਾਂ ਦੀ ਸੇਵਾ ਵਿੱਚ ਹਾਜਰ ਹੋ ਜਾਂਦੇ ਸਨ | ਅਚਾਰੀਆ ਨਮਰਤਾ ਨੰਦ ਤੇ ਪ੍ਧਾਨ ਰਾਮ ਸਰੂਪ ਥੋਪੀਆ ਨੇ ਦੱਸਿਆ ਕਿ ਸਤਿਗੁਰ ਦਾਸਾ ਨੰਦ ਡਾ. ਸੂਰੀ ਨੂੰ ਲੋਕ ਹਿੱਤ ਵਿਚ ਜੋ ਵੀ ਬਚਨ ਕਰਦੇ ਸਨ ਉਹ ਉਸਨੂੰ ਬਾਖੂਬੀ ਨਿਭਾਉਂਦੇ | ਡਾ. ਸੂਰੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਬਰਾਂ ਨੇ ਕਦੇ ਵੀ ਮਹਾਰਾਜ ਦਾ ਕੋਈ ਵੀ ਬਚਨ ਨਹੀ ਟਾਲਿਆ | ਉਨਾਂ ਦੱਸਿਆ ਕਿ ਡਾ. ਸੂਰੀ ਨੇ ਮਹਾਰਾਜ ਦੀ ਪ੍ਰੇਰਣਾ ਸਦਕਾ ਅਨੁਭਵ ਧਾਮ ਨਾਨੋਵਾਲ ਵਿਖੇ ਪੀਣ ਵਾਲੇ ਪਾਣੀ ਦਾ ਇੱਕ ਵੱਡਾ ਟਿਊਵੈਲ ਲਗਾਇਆ ਤੇ ਸਮੇਂ-ਸਮੇਂ 'ਤੇ ਧਾਮ ਦੇ ਨਿਰਵਾਣ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਣ ਦੇ ਨਾਲ-ਨਾਲ ਧਾਮ ਵਿੱਚ ਮੈਡੀਕਲ ਕੈਂਪ ਵੀ ਲਗਾਉਂਦੇ ਸਨ | ਉਨ੍ਹਾਂ ਕਿਹਾ ਕਿ ਡਾ. ਸੂਰੀ ਦੇ ਅਕਾਲ ਚਲਾਣੇ ਨਾਲ ਜਿੱਥੇ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਉੱਥੇ ਸਮੁੱਚਾ ਇਲਾਕਾ ਵੀ ਇੱਕ ਬਹੁਤ ਹੀ ਸੂਝਵਾਨ ਤੇ ਸਮਾਜ ਸੇੇਵੀ ਸ਼ਖਸੀਅਤ ਤੋ ਵਾਂਝਾ ਹੋ ਗਿਆ | ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਉਨ੍ਹਾਂ ਦੇ ਬੇਵਕਤ ਅਕਾਲ ਚਲਾਣੇ 'ਤੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਗਟਾਵਾ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦੀ ਹੈ ਅਤੇ ਸਤਿਗੁਰਾਂ ਨੂੰ ਫਰਿਆਦ ਕਰਦੀ ਹੈ ਕਿ ਉਹ ਉਨ੍ਹਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ |