ਔੜ/ਝਿੰਗੜਾਂ, 23 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਇਤਿਹਾਸਿਕ ਪਿੰਡ ਮਜਾਰਾ ਨੌ ਆਬਾਦ ਨਾਭ ਕੰਵਲ ਰਾਜਾ ਸਾਹਿਬ ਰਸੋਖਾਨਾ ਪ੍ਰਬੰਧਕ ਕਮੇਟੀ ਵੱਲੋਂ ਐਨ.ਆਰ.ਆਈ ਵੀਰਾਂ, ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਹੰਤ ਪੂਰਨ ਦਾਸ ਦੀ ਨਿੱਘੀ ਯਾਦ ਨੂੰ ਸਮਰਪਿਤ ਸਲਾਨਾ ਟੂਰਨਾਮੈਂਟ 26 ਤੋਂ 30 ਅਕਤੂਬਰ ਨੂੰ ਭਾਰੀ ਉਤਸਾਹ ਨਾਲ ਕਰਵਾਇਆ ਜਾ ਰਿਹਾ ਹੈ | ਪ੍ਰਬੰਧਕ ਮਨਦੀਪ ਸਿੰਘ ਸ਼ੇਰਗਿੱਲ ਯੂ.ਐਸ.ਏ ਤੇ ਸਤਨਾਮ ਸਿੰਘ ਸ਼ੇਰਗਿੱਲ ਮਜਾਰਾ ਨੇ ਦੱਸਿਆ ਕਿ 26 ਅਕਤੂਬਰ ਨੂੰ ਵੱਖ-ਵੱਖ ਭਾਰ ਵਰਗ ਦੇ ਪਾਵਰ ਲਿਫਟਿੰਗ ਮੁਕਾਬਲੇ ਅਤੇ ਦੋਹਰੀਆਂ ਬੈਲ ਗੱਡੀ ਦੀਆਂ ਦੌੜਾਂ ਕਰਵਾਈਆਂ ਜਾਣਗੀਆਂ | ਇਸੇ ਦਿਨ ਰਾਤ ਨੂੰ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਗੁਰਪ੍ਰੀਤ ਸਿੰਘ ਰਸੋਖਾਨਾ ਮਜਾਰਾ ਰਾਜਾ ਸਾਹਿਬ, ਢਾਡੀ ਸੁਖਵਿੰਦਰ ਸਿੰਘ ਮੰਢਾਲੀ, ਬਾਬਾ ਕੁਲਦੀਪ ਸਿੰਘ ਮਜਾਰੀ, ਬੀਬੀ ਜਸਪ੍ਰੀਤ ਕੌਰ ਪਟਿਆਲੇ ਵਾਲੇ ਕੀਰਤਨ ਤੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | 27 ਅਕਤੂਬਰ ਨੂੰ ਵੇਟ ਲਿਫਟਿੰਗ ਮੁਕਾਬਲੇ ਅਤੇ ਹਲਟ ਦੌੜਾਂ ਕਰਵਾਈਆਂ ਜਾਣਗੀਆਂ | 28 ਅਕਤੂਬਰ ਨੂੰ ਪਿੰਡ ਪੱਧਰ 'ਤੇ ਕਬੱਡੀ ਮੁਕਾਬਲੇ ਕਰਵਾਏ ਜਾਣਗੇ | 29 ਅਕਤੂਬਰ ਨੂੰ ਨਾਮਵਰ ਇੰਟਰਨੈਸ਼ਨਲ ਅੱਠ ਕਲੱਬਾਂ ਦੇ ਕਬੱਡੀ ਮੈਚ ਹੋਣਗੇ | 30 ਅਕਤੂਬਰ ਨੂੰ ਸਵੇਰੇ 11 ਵਜੇ ਸਜਾਏ ਪੰਡਾਲ ਵਿੱਚ ਨਾਮਵਰ ਗਾਇਕਾ ਅਮਨ ਰੋਜੀ ਆਪਣਾ ਪ੍ਰੋਗਰਾਮ ਪੇਸ਼ ਕਰੇਗੀ | ਬਾਅਦ ਦੁਪਹਿਰ ਭਾਰੀ ਛਿੰਝ ਮੇਲਾ ਹੋਵੇਗਾ | ਜਿਸ 'ਚ ਚੋਟੀ ਦੇ ਪਹਿਲਵਾਨ ਆਪਣੇ ਸ਼ਕਤੀ ਦੇ ਜੌਹਰ ਦਿਖਾਉਣਗੇ | ਇਨਾਮੀ ਕੁਸ਼ਤੀ ਪ੍ਰਦੀਪ ਸਪਲੈਂਡਰ ਤੇ ਨਿਸ਼ਾਤ ਰੋਹਤਕ, ਅਭਿਨਾਇਕ ਯੂ.ਪੀ ਤੇ ਗੌਰਵ ਮਾਛੀਵਾੜਾ ਵਿਚਕਾਰ ਹੋਵੇਗੀ | ਇਹਨਾਂ ਮੁਕਾਬਲਿਆਂ 'ਚ ਜੇਤੂ ਤੇ ਉਪ ਜੇਤੂ ਪਹਿਲਵਾਨਾਂ ਨੂੰ ਪ੍ਰਬੰਧਕਾਂ ਵੱਲੋਂ ਭਾਰੀ ਦਿਲ ਖਿੱਚਵੇਂ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ |