ਮੁਕੰਦਪੁਰ , 6 ਨਵੰਬਰ (ਅਮਰੀਕ ਸਿੰਘ ਢੀਂਡਸਾ) - ਡਾ. ਭੀਮ ਰਾਓ ਅੰਬੇਡਕਰ ਐਜੂਕੇਸ਼ਨ ਐਂਡ ਹੈਲਥ ਕਲੱਬ ਸਰਹਾਲ ਕਾਜ਼ੀਆਂ ਵੱਲੋਂ ਅੱਠਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਮੁਫ਼ਤ ਟਿਊਸ਼ਨ ਦੀ ਸ਼ੁਰੂਆਤ ਕੀਤੀ ਗਈ | ਡਾ.ਬੀ.ਆਰ ਅੰਬੇਡਕਰ ਲਾਇਬੇ੍ਰਰੀ ਸਰਹਾਲ ਕਾਜ਼ੀਆਂ ਵਿਖੇ ਇਸ ਵਿੱਦਿਅਕ ਸਿਖਲਾਈ ਦਾ ਉਦਘਾਟਨ ਸਾਬਕਾ ਸਰਪੰਚ ਬਿਸ਼ੰਭਰ ਲਾਲ ਅਤੇ ਲੈਕ. ਸੁਰਜੀਤ ਸੈਂਪਲੇ ਨੇ ਸਾਂਝੇ ਤੌਰ 'ਤੇ ਕੀਤਾ | ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਕਲੱਬ ਦੇ ਪ੍ਰਧਾਨ ਲਖਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਅੱਠਵੀਂ ਤੱਕ ਦੇ ਬੱਚਿਆਂ ਨੂੰ ਸ਼ਾਮ ਦੀ ਮੁਫ਼ਤ ਟਿਊਸ਼ਨ ਦਿੱਤੀ ਜਾ ਰਹੀ ਹੈ | ਇਸੇ ਕੜੀ ਤਹਿਤ ਸੈਸ਼ਨ 2025-26 ਦੀ ਸ਼ੁਰੂਆਤ ਵੀ ਕੀਤੀ ਗਈ ਹੈ ਜੋ ਨਿਰੰਤਰ ਫਰਵਰੀ 2026 ਤੱਕ ਚੱਲੇਗੀ | ਉਹਨਾਂ ਦੱਸਿਆ ਕਿ ਇਸ ਮੁਫਤ ਟਿਊਸ਼ਨ ਦੀ ਅਗਵਾਈ ਪਿੰਡ ਦੇ ਅਧਿਆਪਕ ਖੁਦ ਕਰ ਰਹੇ ਹਨ ਅਤੇ ਇਸ ਪੂਰੇ ਪ੍ਰਬੰਧ ਦੀ ਦੇਖ਼-ਰੇਖ ਪਿੰਡ ਦੇ ਮੁਲਾਜ਼ਮ, ਐਨ. ਆਰ. ਆਈ ਵੀਰ ਤੇ ਪਿੰਡ ਦੇ ਅਗਾਂਹਵਧੂ ਸੋਚ ਵਾਲੇ ਲੋਕ ਕਰ ਰਹੇ ਹਨ | ਉਹਨਾਂ ਦੱਸਿਆ ਕਿ ਇਸ ਟਿਊਸ਼ਨ ਸੈਸ਼ਨ ਦੌਰਾਨ ਜਿੱਥੇ ਬੱਚਿਆਂ ਨੂੰ ਵੱਖ-ਵੱਖ ਵਿਸ਼ਿਆਂ ਦੀ ਪੜ੍ਹਾਈ ਕਰਵਾਈ ਜਾ ਰਹੀ ਹੈ ਉੱਥੇ ਹੀ ਖੇਡਾਂ ਪ੍ਰਤੀ ਉਤਸ਼ਾਹਿਤ ਅਤੇ ਕੁਇਜ਼ ਕੰਮਪੀਟੀਸ਼ਨ ਲਈ ਵੀ ਤਿਆਰ ਕੀਤਾ ਜਾ ਰਿਹਾ ਹੈ | ਇਸ ਮੌਕੇ ਬਿਸ਼ੰਬਰ ਲਾਲ ਸਾਬਕਾ ਸਰਪੰਚ, ਲੈਕ. ਸੁਰਜੀਤ ਸੈਂਪਲੇ, ਪ੍ਰਧਾਨ ਲਖਵੀਰ ਸਿੰਘ, ਸੇਵਾ ਮੁਕਤ ਪਿ੍ੰਸੀਪਲ ਹਰਬਲਾਸ, ਡਾ. ਸ਼ਾਦੀ ਲਾਲ, ਨੇਕੀ ਮਹੇ, ਮਿੰਦਰ ਪਾਲ ਜੱਸਲ ਪੰਚ, ਦਰਬਾਰੀ ਲਾਲ, ਪਿ੍ਥੀਪਾਲ ਭਾਟੀਆ, ਸੁਰਜੀਤ ਲਾਲ ਪਹਿਲਵਾਨ, ਸਨੀ ਕੁਮਾਰ, ਟੀਚਰ ਭਾਵਨਾ ਭਟੀਆ, ਅਤੇ ਟੀਚਰ ਪ੍ਰੀਆ ਕੁਮਾਰੀ ਆਦਿ ਹਾਜ਼ਰ ਸਨ |