ਮੁਕੰਦਪੁਰ, 24 ਨਵੰਬਰ (ਅਮਰੀਕ ਸਿੰਘ ਢੀਂਡਸਾ)- ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ.ਐਮ.ਓ ਡਾ.ਨੀਨਾ ਸ਼ਾਂਤ ਦੀ ਅਗਵਾਈ ਹੇਠ 21 ਨਵੰਬਰ ਤੋਂ 4 ਦਸੰਬਰ ਤੱਕ ਨਸਬੰਦੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ | ਜਿਨ੍ਹਾਂ ਯੋਗ ਜੋੜਿਆ ਦਾ ਪਰਿਵਾਰ ਕੰਪਲੀਟ ਹੈ, ਉਨ੍ਹਾਂ ਦੀ ਸਹੂਲਤ ਲਈ ਪੁਰਸ਼ਾਂ ਦੀ ਨਸਬੰਦੀ ਮੁਫ਼ਤ ਕੀਤੀ ਜਾਣੀ ਹੈ | ਇਹ ਮਾਮੂਲੀ ਚੀਰਾ ਰਹਿਤ ਆਪ੍ਰੇਸ਼ਨ ਹੈ | ਇਸ ਵਾਰ ਨਸਬੰਦੀ ਪੰਦਰਵਾੜਾ ਦਾ ਥੀਮ 'ਸਿਹਤਮੰਦ ਅਤੇ ਖੁਸ਼ਹਾਲ ਪਰਿਵਾਰ, ਮਰਦਾਂ ਦੀ ਭਾਗੀਦਾਰੀ ਨਾਲ ਹੀ ਹੋਵੇਗਾ ਇਹ ਸੁਪਨਾ ਸਾਕਾਰ' ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਾਕ ਐਕਸਟੈਨਸ਼ਨ ਐਜੂਕੇਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਪੰਦਰਵਾੜੇ ਤਹਿਤ 21 ਨਵੰਬਰ ਤੋਂ 27 ਨਵੰਬਰ ਤੱਕ ਚੀਰਾ ਰਹਿਤ ਨਸਬੰਦੀ ਸਬੰਧੀ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਅਤੇ 28 ਨਵੰਬਰ ਤੋਂ 4 ਦਸੰਬਰ ਤੱਕ ਨਸਬੰਦੀ ਦੇ ਅਪ੍ਰੇਸ਼ਨ ਨਵਾਂਸ਼ਹਿਰ ਸਿਵਲ ਹਸਪਤਾਲ ਵਿਖੇ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਇਹ ਇਕ ਮਾਮੂਲੀ ਆਪੇ੍ਰਸ਼ਨ ਹੈ, ਜਿਸ ਦੌਰਾਨ ਕੋਈ ਚੀਰ ਫਾੜ ਨਹੀ ਕੀਤੀ ਜਾਂਦੀ ਅਤੇ ਨਾ ਹੀ ਕੋਈ ਟਾਂਕਾ ਲਗਾਇਆ ਜਾਂਦਾ ਹੈ | ਨਸਬੰਦੀ ਆਪੇ੍ਰਸ਼ਨ ਤੋਂ ਬਾਅਦ ਸਰੀਰਕ ਕੰਮਜ਼ੋਰੀ ਨਹੀ ਆਉਂਦੀ ਅਤੇ ਵਿਅਕਤੀ ਆਪਣਾ ਰੋਜ਼ਾਨਾ ਦਾ ਕੰਮਕਾਜ ਆਮ ਵਾਂਗ ਕਰ ਸਕਦਾ ਹੈ | ਝੁੱਗੀਆਂ ਅਤੇ ਭਠਿਆਂ 'ਤੇ ਕੰਮ ਕਰ ਰਹੇ ਮਾਈਗਰੇਟਰੀ ਆਬਾਦੀ ਨੂੰ ਜਾਣਕਾਰੀ ਦਿੰਦੇ ਉਨ੍ਹਾਂ ਦੱਸਿਆ ਕਿ ਪਰਿਵਾਰ ਨਿਯੋਜਨ ਦੇ ਹੋਰ ਵੀ ਤਰੀਕੇ ਹਨ ਜਿਵੇਂ ਕਿ ਔਰਤਾਂ ਦੀ ਨਸਬੰਦੀ, ਗਰਭਨਿਰੋਧਕ ਗੋਲੀਆਂ, ਕਾਪਰ-ਟੀ ਆਦਿ ਹੈ ਪਰ ਸਭ ਤੋਂ ਸੁਰੱਖਿਅਤ ਤਰੀਕਾ ਮਰਦਾਂ ਦੀ ਨਸਬੰਦੀ ਹੈ | ਇਸ ਅਪਰੇਸ਼ਨ ਨਾਲ ਮਰਦਾਨਾ ਸ਼ਕਤੀ ਨੂੰ ਕੋਈ ਅਸਰ ਨਹੀਂ ਪੈਂਦਾ ਅਤੇ ਨਾ ਹੀ ਕੋਈ ਕਮਜ਼ੋਰੀ ਆਉਂਦੀ ਹੈ | ਅਜੋਕੇ ਸਮੇਂ 'ਚ ਵੱਧ ਰਹੀ ਆਬਾਦੀ ਮੁਲਕ ਦੀ ਤਰੱਕੀ ਵਿੱਚ ਵੱਡੀ ਰੁਕਾਵਟ ਹੈ | ਇਸ ਮੌਕੇ 'ਤੇ ਹੈਲਥ ਸੁਪਰਵਾਈਜਰ ਬਲਵੰਤ ਰਾਮ, ਹੈਲਥ ਵਰਕਰ ਅਮਨਦੀਪ ਅਤੇ ਹੋਰ ਸਟਾਫ਼ ਮੌਜੂਦ ਸਨ |