ਨਵਾਂਸ਼ਹਿਰ, 24 ਨਵੰਬਰ (ਜਸਬੀਰ ਸਿੰਘ ਨੂਰਪੁਰ)- ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ ਲੈਨਿਨਵਾਦੀ) ਨਿਊ ਡੈਮੋਕਰੇਸੀ ਵੱਲੋਂ ਨਵਾਂਸ਼ਹਿਰ ਵਿਖੇ ਮੋਦੀ ਸਰਕਾਰ ਦੁਆਰਾ ਛੱਤੀਸਗੜ੍ਹ ਵਿੱਚ ਆਦਿਵਾਸੀਆਂ ਦੇ ਉਜਾੜੇ, ਕਮਿਊਨਿਸਟ ਇਨਕਲਾਬੀਆਂ ਅਤੇ ਆਦਿ ਵਾਸੀਆਂ ਦੇ ਕਤਲਾਂ ਦੇ ਵਿਰੋਧ ਵਿੱਚ ਮੁਜ਼ਾਹਰਾ ਕੀਤਾ ਗਿਆ | ਮੁਜਾਹਰੇ ਉਪਰੰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁਤਲੇ ਫੂਕੇ ਗਏ | ਇਸ ਤੋਂ ਪਹਿਲਾਂ ਸਥਾਨਕ ਬਸ ਅੱਡੇ ਉੱਤੇ ਕੀਤੀ ਗਈ ਰੈਲੀ ਨੂੰ ਪਾਰਟੀ ਦੇ ਆਗੂ ਕੁਲਵਿੰਦਰ ਸਿੰਘ ਵੜੈਚ, ਦਲਜੀਤ ਸਿੰਘ ਐਡਵੋਕੇਟ ਅਤੇ ਲੇਖਕ ਬੂਟਾ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਮੋਦੀ ਸਰਕਾਰ ਆਦਿਵਾਸੀਆਂ ਨੂੰ ਉਜਾੜ ਕੇ ਵਣ ਸੰਮਪੱਤੀ ਕਾਰਪੋਰੇਟਰਾਂ ਦੇ ਹਵਾਲੇ ਕਰਨ ਦੇ ਮਕਸਦ ਨਾਲ ਇਹ ਜਬਰ ਢਾਹ ਰਹੀ ਹੈ ਜਿਸ ਵਿੱਚ ਕਮਿਊਨਿਸਟ ਇਨਕਲਾਬੀਆਂ ਅਤੇ ਆਦਿਵਾਸੀਆਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਜਾ ਰਿਹਾ ਹੈ | ਇਸ ਮੌਕੇ ਅਵਤਾਰ ਸਿੰਘ ਤਾਰੀ ਅਤੇ ਹਰੀ ਰਾਮ ਰਸੂਲਪੁਰੀ ਨੇ ਵੀ ਸੰਬੋਧਨ ਕੀਤਾ | ਉਨ੍ਹਾਂ ਮਾਓਵਾਦੀਆਂ ਦੇ ਕਤਲਾਂ ਦੀ ਜੁਡੀਸ਼ਲ ਜਾਂਚ ਕਰਾਉਣ, ਹਿਰਾਸਤ ਵਿੱਚ ਰੱਖੇ ਮਾਓਵਾਦੀਆਂ ਨੂੰ ਅਦਾਲਤ ਵਿੱਚ ਪੇਸ਼ ਕਰਨ, ਅਪਰੇਸ਼ਨ ਕਗਾਰ ਬੰਦ ਕਰਨ, ਛੱਤੀਸਗੜ੍ਹ ਵਿੱਚੋਂ ਨੀਮ ਫੌਜਾਂ ਬਾਹਰ ਕੱਢਣ, ਆਦਵਾਸੀਆਂ ਦਾ ਉਜਾੜਾ ਬੰਦ ਕਰਨ, ਮਾਓਵਾਦੀਆਂ ਨਾਲ ਗੱਲਬਾਤ ਦਾ ਰਸਤਾ ਅਖਤਿਆਰ ਕਰਨ ਦੀ ਮੰਗ ਕੀਤੀ |