ਸਮਾਣਾ, 15 ਜੂਨ (ਹਰਵਿੰਦਰ ਸਿੰਘ ਟੋਨੀ)-ਪੁਲਿਸ ਨੇ ਐਸ.ਐਸ.ਪੀ. ਵਰੁਣ ਸ਼ਰਮਾ ਦੀ ਅਗਵਾਈ ਹੇਠ ਸਮਾਣਾ ਦੇ ਦੋ ਪਿੰਡਾਂ ਮੁਰਾਦਪੁਰ ਅਤੇ ਗਾਜੇਵਾਸ ਵਿਖੇ ਘੇਰਾਬੰਦੀ ਕਰਕੇ ਤਲਾਸ਼ੀ ਅਭਿਆਨ ਚਲਾਇਆ | ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਚਲਾਏ ਜਾ ਰਹੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਪਿਛਲੇ ਤਿੰਨ ਮਹੀਨਿਆਂ ਵਿਚ ਮੁਰਾਦਪੁਰ ਵਿਖੇ ਪੁਰਾਣੇ ਨਸ਼ਾ ਤਸਕਰਾਂ ਖ਼ਿਲਾਫ਼ 17 ਮੁਕੱਦਮੇ ਦਰਜ ਕੀਤੇ ਗਏ ਹਨ | ਐਤਵਾਰ ਨੂੰ ਉਹ ਸਾਰੇ ਘਰਾਂ ਦਾ ਖ਼ੁਦ ਜਾਇਜ਼ਾ ਲੈ ਕੇ ਆਏ ਹਨ | ਜਿੱਥੇ ਪੁਰਾਣੇ ਤਸਕਰ ਰਹਿੰਦੇ ਸਨ, ਹੁਣ ਉਨ੍ਹਾਂ ਘਰਾਂ ਨੂੰ ਤਾਲੇ ਲੱਗੇ ਹੋਏ ਹਨ | ਜਦ ਕਿ ਪਟਿਆਲਾ ਪੁਲਿਸ ਇਸ ਦੌਰਾਨ ਪਿੰਡ ਗਾਜੇਵਾਸ ਦੀ ਬਦਨਾਮ ਮਹਿਲਾ ਨਸ਼ਾ ਤਸਕਰ ਗੁੱਡੀ ਨੂੰ ਵੀ ਕਾਬੂ ਕਰਨ ਵਿਚ ਸਫਲ ਰਹੀ ਹੈ | ਐਸ.ਐਸ.ਪੀ. ਵਰੁਣ ਸ਼ਰਮਾ ਨੇ ਨਸ਼ਾ ਤਸਕਰਾਂ ਨੂੰ ਸਖ਼ਤ ਤੇ ਸਪਸ਼ਟ ਸੁਨੇਹਾ ਦਿੱਤਾ ਕਿ ਕਿਸੇ ਵੀ ਤਰ੍ਹਾਂ ਦੀ ਨਸ਼ਾ ਤਸਕਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕਰਨ ਲਈ ਐਨ.ਡੀ.ਪੀ.ਐਸ. ਐਕਟ ਦੀ ਧਾਰਾ 68 ਤਹਿਤ ਕੇਸ ਤਿਆਰ ਕੀਤੇ ਗਏ ਹਨ | ਜਲਦ ਹੀ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਅੱਜ ਦੇ ਇਸ ਕਾਸੋ ਅਪਰੇਸ਼ਨ ਦੌਰਾਨ ਕਰੀਬ 6 ਵਿਅਕਤੀਆਂ ਪਾਸੋਂ ਨਸ਼ੀਲੇ ਪਦਾਰਥਾਂ ਦੀ ਰਿਕਵਰੀ ਹੋਈ ਹੈ, ਜਿਨ੍ਹਾਂ ਵਿਰੁੱਧ ਜ਼ਾਬਤੇ ਅਨੁਸਾਰ ਕਾਰਵਾਈ ਕਰਦੇ ਹੋਏ ਪੁਲਿਸ ਕੇਸ ਦਰਜ ਕੀਤੇ ਜਾ ਰਹੇ ਹਨ | ਇਸ ਦੌਰਾਨ ਐਸ.ਪੀ. ਜਾਂਚ ਗੁਰਬੰਸ ਸਿੰਘ ਬੈਂਸ ਤੇ ਡੀ.ਐਸ.ਪੀ. ਸਮਾਣਾ ਫਤਹਿ ਸਿੰਘ ਬਰਾੜ ਸਮੇਤ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ |