ਨਾਭਾ, 17 ਜੂਨ (ਕਰਮਜੀਤ ਸਿੰਘ)-ਨਾਭਾ ਹਲਕੇ ਦੇ ਕਈ ਪਿੰਡਾਂ ਨੂੰ ਲੱਗਦੀ ਮੋਹਲਗੁਆਰਾ ਡਰੇਨ ਜਿਸ ਦੀ ਬੀਤੇ ਕਈ ਸਾਲਾਂ ਤੋਂ ਤੋਂ ਸਫ਼ਾਈ ਨਹੀਂ ਹੋਈ ਅਤੇ ਦੂਜੇ ਪਾਸੇ ਮੌਸਮ ਵਿਭਾਗ ਵਲੋਂ ਇਸ ਸਾਲ ਭਾਰੀ ਬਾਰਸ਼ਾਂ ਦੀ ਭਵਿੱਖਬਾਣੀ ਕੀਤੀ ਗਈ ਹੈ, ਦੇ ਮੱਦੇ ਨਜ਼ਰ ਇਲਾਕੇ ਦੇ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਇਸ ਦੀ ਜਲਦੀ ਸਫ਼ਾਈ ਕਰਾਉਣ ਦੀ ਮੰਗ ਕੀਤੀ ਗਈ ਹੈ | ਇਸ ਦੀ ਸਫ਼ਾਈ ਨਾ ਹੋਣ ਕਾਰਨ ਨੇੜਲੇ ਪਿੰਡ ਗਲਵੱਟੀ ਅਤੇ ਹੋਰ ਪਿੰਡਾਂ 'ਚ ਬਾਰਸ਼ਾਂ ਦੇ ਮੌਸਮ 'ਚ ਤੇਜ਼ ਪਾਣੀ ਆਉਣ ਕਾਰਨ ਹਮੇਸ਼ਾ ਹੀ ਨੁਕਸਾਨ ਦਾ ਖ਼ਤਰਾ ਬਣਿਆ ਰਹਿੰਦਾ ਹੈ | ਪਿੰਡ ਗਲਵੱਟੀ ਦੇ ਅਗਾਂਹਵਧੂ ਕਿਸਾਨ ਅਤੇ ਸਾਬਕਾ ਜਨਰਲ ਮੈਨੇਜਰ ਟਰਾਂਸਪੋਰਟ ਵਿਭਾਗ ਪੰਜਾਬ ਜਗਦੀਪ ਸਿੰਘ ਗਲਵੱਟੀ ਨੇ ਦੱਸਿਆ ਕਿ ਇਸ ਡਰੇਨ 'ਚ ਜੰਗਲੀ ਬੂਟੀ ਅਤੇ ਹੋਰ ਕਈ ਤਰ੍ਹਾਂ ਦੇ ਨਦੀਨ ਉੱਗੇ ਹੋਏ ਹਨ ਤੇ ਇਸ ਦੀ ਜੰਗੀ ਪੱਧਰ 'ਤੇ ਮਸ਼ੀਨੀਕਰਨ ਨਾਲ ਸਫ਼ਾਈ ਦੀ ਜ਼ਰੂਰਤ ਹੈ | ਉਨ੍ਹਾਂ ਨੇ ਇਸ ਸੰਬੰਧੀ ਪਹਿਲਾਂ ਡਰੇਨੇਜ ਵਿਭਾਗ ਦੇ ਐਕਸੀਅਨ ਨੂੰ ਜਾਣੂ ਕਰਵਾਇਆ ਗਿਆ | ਉਸ ਤੋਂ ਬਾਅਦ ਉਨ੍ਹਾਂ ਨੇ ਇਸ ਡਰੇਨ ਦੀ ਵੀਡੀਓ ਬਣਾ ਕੇ ਮਾਨਯੋਗ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਭੇਜੀ ਗਈ ਅਤੇ ਉਨ੍ਹਾਂ ਨੇ ਇਸ 'ਤੇ ਜਲਦੀ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ | ਉਹ ਇਲਾਕੇ ਦੇ ਕਿਸਾਨਾਂ ਨਾਲ ਐੱਸ.ਡੀ.ਐੱਮ. ਨਾਭਾ ਨੂੰ ਵੀ ਮਿਲੇ ਅਤੇ ਸਾਰੇ ਅਫ਼ਸਰ ਸਾਹਿਬਾਨ ਨੇ ਜਲਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ, ਪਰ ਫ਼ੰਡ ਨਾ ਹੋਣ ਦੀ ਮਜਬੂਰੀ ਵੀ ਦੱਸੀ |