ਨਾਭਾ, 17 ਜੂਨ (ਜਗਨਾਰ ਸਿੰਘ ਦੁਲੱਦੀ)-ਲੁਧਿਆਣਾ ਵਿਖੇ ਹੋ ਰਹੀ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਵੱਡਾ ਕਾਫ਼ਲਾ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੀ ਅਗਵਾਈ ਹੇਠ ਰਵਾਨਾ ਹੋਇਆ, ਜਿਸ ਵਿਚ 100 ਦੇ ਕਰੀਬ ਗੱਡੀਆਂ ਸਨ | ਕਾਫ਼ਲਾ ਤੋਰਨ ਸਮੇਂ ਵਿਧਾਇਕ ਦੇਵ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੁਧਿਆਣਾ ਪੱਛਮੀ ਦੀ ਹੋ ਰਹੀ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਪੱਕੀ ਹੈ, ਐਲਾਨ ਹੋਣਾ ਹੀ ਸਿਰਫ਼ ਬਾਕੀ ਰਹਿ ਗਿਆ ਹੈ | ਉਨ੍ਹਾਂ ਕਿਹਾ ਕਿ ਜਦੋਂ ਤੋਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤਾਂ ਸੂਬੇ ਦਾ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਬਿਨਾਂ ਪੱਖਪਾਤ ਚੌਹਪੱਖੀ ਵਿਕਾਸ ਹੋਇਆ ਹੈ | ਪਿਛਲੀ ਸਰਕਾਰਾਂ 'ਤੇ ਸ਼ਬਦੀ ਹਮਲਾ ਬੋਲਦਿਆਂ ਵਿਧਾਇਕ ਦੇਵ ਮਾਨ ਨੇ ਕਿਹਾ ਕਿ ਜੇਕਰ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਨੇ ਆਪਣੇ ਸਮੇਂ ਦੇ ਸਾਸ਼ਨ ਦੌਰਾਨ ਪੰਜਾਬ ਦੇ ਲੋਕਾਂ ਲਈ ਕੋਈ ਕੰਮ ਕੀਤਾ ਹੁੰਦਾ ਤਾਂ ਉਨ੍ਹਾਂ ਨੂੰ ਲੋਕਾਂ ਦੇ ਤਰਲੇ ਨਾ ਕੱਢਣੇ ਪੈਂਦੇ | ਇਸ ਕਰਕੇ ਪੰਜਾਬ ਦੇ ਲੋਕ ਜਿਵੇਂ ਪਹਿਲਾਂ ਆਮ ਆਦਮੀ ਪਾਰਟੀ ਦੇ ਨਾਲ ਸਨ ਉਸੇ ਤਰ੍ਹਾਂ ਅੱਜ ਵੀ ਪੰਜਾਬ ਵਾਸੀ ਆਮ ਆਦਮੀ ਪਾਰਟੀ ਦੇ ਨਾਲ ਖੜੇ ਹਨ ਅਤੇ 27 'ਚ ਵੀ ਖੜੇ ਰਹਿਣਗੇ | 'ਆਪ' ਯੂਥ ਆਗੂ ਤੇਜਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਉਹ ਅੱਜ ਵਿਧਾਇਕ ਦੇਵ ਮਾਨ ਦੀ ਅਗਵਾਈ 'ਚ ਹਲਕੇ ਦੇ ਨੌਜਵਾਨਾਂ ਦਾ ਵੱਡਾ ਕਾਫ਼ਲਾ ਲੈ ਕੇ ਲੁਧਿਆਣਾ ਜਾ ਰਹੇ ਹਨ ਤਾਂ ਜੋ ਲੁਧਿਆਣਾ ਵਾਸੀਆਂ ਨੂੰ ਦੱਸਿਆ ਜਾ ਸਕੇ ਕਿ ਆਮ ਆਦਮੀ ਪਾਰਟੀ ਹੀ ਪੰਜਾਬ ਦੇ ਲੋਕਾਂ ਦੇ ਭਲੇ ਦਾ ਕੰਮ ਕਰ ਸਕਦੀ ਹੈ |