ਪਟਿਆਲਾ, 17 ਜੂਨ (ਅਮਰਬੀਰ ਸਿੰਘ ਆਹਲੂਵਾਲੀਆ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਜੁਲਾਈ ਦੇ ਪਹਿਲੇ ਹਫ਼ਤੇ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ | ਇਸ ਸਬੰਧੀ ਅੱਜ ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ ਵਿਖੇ ਸ਼ਤਾਬਦੀ ਸਬ ਕਮੇਟੀ ਦੀ ਇਕੱਤਰਤਾ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸਕੱਤਰ ਪ੍ਰਤਾਪ ਸਿੰਘ ਦੀ ਅਗਵਾਈ ਵਿਚ ਹੋਈ | ਇਕੱਤਰਤਾ ਦੌਰਾਨ ਫ਼ੈਸਲਾ ਕੀਤਾ ਗਿਆ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਗੁਰੂ ਸਾਹਿਬ ਦੇ ਚਰਨਛੋਹ ਅਸਥਾਨ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿਖੇ 6 ਜੁਲਾਈ ਨੂੰ ਗੁਰਮਤਿ ਸਮਾਗਮ 350 ਸਾਲਾ ਸਹੀਦੀ ਦਿਹਾੜੇ ਨੂੰ ਸਮਰਪਿਤ ਹੋਵੇਗਾ | 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਾਲਵਾ ਜੋਨ ਵਿਚ ਸ਼ੋ੍ਰਮਣੀ ਗੁਰੂ ਦੁਆਰਾ ਪ੍ਰਬੰਧਕ ਕਮੇਟੀ ਵਲੋਂ ਦੋ ਮਹਾਨ ਗੁਰਮਤਿ ਸਮਾਗਮ ਉਲੀਕੇ ਗਏ ਹਨ, ਜਿਸ ਤਹਿਤ ਗੁਰਮਤਿ ਸਮਾਗਮ ਦੀ ਆਰੰਭਤਾ 4 ਜੁਲਾਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਨਾਲ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ 5 ਜੁਲਾਈ ਨੂੰ ਅੰਮਿ੍ਤ ਸੰਚਾਰ ਕਰਵਾਇਆ ਜਾਵੇਗਾ | ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵਲੋਂ ਸ਼ੋ੍ਰਮਣੀ ਕਮੇਟੀ ਪ੍ਰਬੰਧ ਅਧੀਨ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਵਲੋਂ ਖ਼ੁਦ ਜਿੱਥੇ ਕੀਰਤਨ ਕੀਤਾ ਜਾਵੇਗਾ, ਉੱਥੇ ਹੀ ਦਸਤਾਰ ਮੁਕਾਬਲੇ ਵੀ ਕਰਵਾਏ ਜਾਣਗੇ | ਜਿਨ੍ਹਾਂ ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ | ਇਸ ਮੌਕੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ, ਮੀਤ ਸਕੱਤਰ ਸੁਖਦੇਵ ਸਿੰਘ, ਸੁਪਰਵਾਈਜਰ ਸ਼ਤਾਬਦੀ ਕਮੇਟੀ ਭੁਪਿੰਦਰ ਸਿੰਘ, ਇੰਚਾਰਜ ਬਿਕਰਮ ਸਿੰਘ, ਮੈਨੇਜਰ ਭਾਗ ਸਿੰਘ, ਸਹਾਇਕ ਪ੍ਰੋਫੈਸਰ ਗੁਰਤੇਜ ਸਿੰਘ ਠੀਕਰੀਵਾਲਾ ਆਦਿ ਨੇ ਵੀ ਆਪੋ ਆਪਣੇ ਵਿਚਾਰ ਰੱਖੇ | ਇਸ ਮੌਕੇ ਸਕੱਤਰ ਪ੍ਰਤਾਪ ਸਿੰਘ ਅਤੇ ਮੀਤ ਸਕੱਤਰ ਸੁਖਦੇਵ ਸਿੰਘ ਹੋਰਨਾਂ ਦੱਸਿਆ ਕਿ ਸਮਾਗਮ ਦੀ ਸਫਲਤਾ ਲਈ ਪ੍ਰਚਾਰਕ ਸਾਹਿਬਾਨ ਦੀਆਂ ਡਿਊਟੀਆਂ ਤੈਅ ਕੀਤੀਆਂ ਜਾਣਗੀਆਂ | ਜੋ ਵੱਖ ਵੱਖ ਪਿੰਡਾਂ ਵਿਚ ਪਹੁੰਚ ਕਰਕੇ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿਚ ਲਿਆਉਣ ਲਈ ਪ੍ਰੇਰਿਤ ਕਰਨਗੇ | ਉਨ੍ਹਾਂ ਦੱਸਿਆ ਕਿ ਇਸ ਸੰਬੰਧ ਵਿਚ ਵੱਖ-ਵੱਖ ਗੁਰਦੁਆਰਾ ਸਾਹਿਬਾਨ, ਢਾਡੀ ਕਵੀਸਰੀ ਜੱਥਿਆਂ, ਨਿਹੰਗ ਸਿੰਘ ਸੰਪਰਦਾਵਾਂ ਅਤੇ ਧਾਰਮਿਕ ਸਭਾ ਸੁਸਾਇਟੀਆਂ ਆਦਿ ਨੂੰ ਵੀ ਸੱਦਾ ਪੱਤਰ ਭੇਜਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਜਿੱਥੇ 5 ਜੁਲਾਈ ਨੂੰ ਅੰਮਿ੍ਤ ਸੰਚਾਰ ਵਾਲੇ ਦਿਨ ਤਖਤ ਸਾਹਿਬਾਨ ਦੇ ਪੰਜ ਪਿਆਰੇ ਸਾਹਿਬਾਨ ਸੰਗਤਾਂ ਨੂੰ ਖੰਡੇ ਬਾਟੇ ਦੀ ਰਾਹੁਲ ਦੇਣਗੇ | ਉੱਥੇ ਹੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਵੀ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਗੇ | ਇਕੱਤਰਤਾ ਦੌਰਾਨ ਹੈੱਡ ਗ੍ਰੰਥੀ ਭਾਈ ਪ੍ਰਨਾਮ ਸਿੰਘ, ਕਥਾਵਾਚਕ ਗਿਆਨੀ ਪਿ੍ਤਪਾਲ ਸਿੰਘ, ਐਡੀਸਨਲ ਹੈੱਡ ਗ੍ਰੰਥੀ ਗਿਆਨੀ ਫੁਲਾ ਸਿੰਘ,ਮੀਤ ਮੈਨੇਜਰ ਮਨਦੀਪ ਸਿੰਘ ਭਲਵਾਨ, ਮੀਤ ਮੈਨੇ. ਗੁਰਬਚਨ ਸਿੰਘ, ਭਾਈ ਸਰਬਜੀਤ ਸਿੰਘ, ਭਾਈ ਹਜੂਰ ਸਿੰਘ ਤੋਂ ਇਲਾਵਾ ਸ੍ਰੋਮਣੀ ਕਮੇਟੀ ਦੇ ਅਧਿਕਾਰੀ ਤੇ ਸਮੁੱਚਾ ਪ੍ਰਬੰਧਕੀ ਸਟਾਫ਼ ਮੈਂਬਰ ਆਦਿ ਹਾਜ਼ਰ ਸਨ |