ਅਮਲੋਹ, 17 ਜੂਨ (ਪੱਤਰ ਪ੍ਰੇਰਕ)-ਨਗਰ ਕੌਂਸਲ ਅਮਲੋਹ ਵਲੋਂ ਸ਼ਹਿਰ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਨਿਰਵਿਘਨ ਸਪਲਾਈ ਦੇਣ ਲਈ ਦੋ ਟਿਊਬਵੈੱਲ ਚਲਾਏ ਜਾ ਰਹੇ ਹਨ ਜਿੱਥੋਂ ਕਿ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਲਗਾਤਾਰ ਮਿਲ ਰਹੀ ਹੈ | ਇਸ ਤੋਂ ਇਲਾਵਾ ਸ਼ਹਿਰ ਵਿਚ ਛੇਤੀ ਹੀ ਇਕ ਹੋਰ ਨਵਾਂ ਟਿਊਬਵੈੱਲ ਅਤੇ ਪਾਣੀ ਦੀ ਟੈਂਕੀ ਬਣਾਈ ਜਾ ਰਹੀ ਹੈ ਜਿਸ ਨਾਲ ਪਾਣੀ ਸਬੰਧੀ ਕੋਈ ਵੀ ਸਮੱਸਿਆ ਪੇਸ਼ ਨਹੀਂ ਆਵੇਗੀ | ਇਹ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਅਮਲੋਹ ਦੇ ਕਾਰਜ ਸਾਧਕ ਅਫ਼ਸਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਅਮਲੋਹ ਵਿਖੇ ਬਣੀ ਪਾਣੀ ਦੀ ਇਕ ਟੈਂਕੀ ਲਗਭਗ 30 ਸਾਲ ਪੁਰਾਣੀ ਹੈ, ਜਿਸ ਦੀ ਮਿਆਦ ਜਾਚਣ ਲਈ ਸੀਵਰੇਜ ਬੋਰਡ ਨੂੰ ਪੱਤਰ ਲਿਖਿਆ ਗਿਆ ਹੈ | ਕਾਰਜ ਸਾਧਕ ਅਫ਼ਸਰ ਨੇ ਦੱਸਿਆ ਕਿ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਵਲੋਂ ਸ਼ਹਿਰ ਵਿਚ ਪਾਣੀ ਦੀਆਂ ਹੋਰ ਲਾਈਨਾਂ ਵਿਛਾਉਣ ਦਾ ਕੰਮ ਚੱਲ ਰਿਹਾ ਹੈ ਜਿਸ ਅਧੀਨ ਇਕ ਨਵਾਂ ਟਿਉਬਵੈੱਲ ਅਤੇ ਟੈਂਕੀ ਲਗਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਇਹ ਕੰਮ ਛੇਤੀ ਹੀ ਪੂਰਾ ਹੋ ਜਾਵੇਗਾ ਤੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਨਿਰਵਿਘਨ ਸਪਲਾਈ ਮਿਲ ਸਕੇਗੀ | ਕਿਉਂਕਿ ਨਗਰ ਕੌਂਸਲ ਵਲੋਂ ਸ਼ਹਿਰ ਦੇ ਲੋਕਾਂ ਨੂੰ ਸਰਵੋਤਮ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧਤਾ ਨਾਲ ਕਾਰਜ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਨਗਰ ਕੌਂਸਲ ਨਾਲ ਸਬੰਧਿਤ ਪੇਸ਼ ਆਉਂਦੀਆਂ ਮੁਸ਼ਕਿਲਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਪੁਰਾਣੀ ਟੈਂਕੀ ਨਾ ਚੱਲਣ ਕਾਰਨ ਲੋਕਾਂ ਨੂੰ ਪੀਣ ਵਾਲੇ ਪਾਣੀ ਸਬੰਧੀ ਕੋਈ ਸਮੱਸਿਆ ਪੇਸ਼ ਨਹੀਂ ਆ ਰਹੀ |