ਅਮਲੋਹ, 17 ਜੂਨ (ਹਰਪ੍ਰੀਤ ਸਿੰਘ ਗਿੱਲ)-ਅਨਾਜ ਮੰਡੀ ਅਮਲੋਹ ਥੋੜ੍ਹੀ ਜਿਹੀ ਬਰਸਾਤ ਹੋਣ 'ਤੇ ਹੀ ਝੀਲ ਦਾ ਰੂਪ ਧਾਰਨ ਕਰ ਲੈਂਦੀ ਹੈ, ਜਿਸ ਕਾਰਨ ਵਿਕਰੀ ਲਈ ਆਈਆਂ ਕਿਸਾਨਾਂ ਦੀਆਂ ਫ਼ਸਲਾਂ ਪਾਣੀ ਵਿਚ ਡੁੱਬ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ | ਵਰਨਣਯੋਗ ਹੈ ਕਿ ਇਸ ਮੰਡੀ ਵਿਚ ਪਹਿਲਾਂ ਬਰਸਾਤੀ ਪਾਣੀ ਦੇ ਨਿਕਾਸ ਲਈ ਖੂਹ ਬਣਾਏ ਗਏ ਸਨ, ਜੋ ਸਿਰਫ਼ ਅਨਾਜ ਮੰਡੀ ਦੇ ਪਾਣੀ ਲਈ ਵਰਤੇ ਜਾਂਦੇ ਸਨ | ਉਨ੍ਹਾਂ ਰਾਹੀਂ ਪਾਣੀ ਫ਼ਿਲਟਰ ਹੋ ਕੇ ਧਰਤੀ ਵਿਚ ਸਮ੍ਹਾ ਜਾਂਦਾ ਸੀ | ਇਸ ਨਾਲ ਕਦੇ ਵੀ ਪਾਣੀ ਇਕੱਠਾ ਹੋਣ ਜਾਂ ਗੰਦੇ ਪਾਣੀ ਦੀ ਸਮੱਸਿਆ ਸਾਹਮਣੇ ਨਹੀਂ ਆਉਂਦੀ ਸੀ, ਪਰ ਜਦੋਂ ਤੋਂ ਅਮਲੋਹ ਸ਼ਹਿਰ ਦੇ ਗੰਦੇ ਪਾਣੀ ਨੂੰ ਮੰਡੀ ਰਾਹੀਂ ਕੱਢ ਕੇ ਬੱਸ ਸਟੈਂਡ ਨੇੜੇ ਬਣੇ ਖੂਹਾਂ ਨਾਲ ਜੋੜਿਆ ਗਿਆ, ਉਦੋਂ ਤੋਂ ਇੱਥੇ ਬਰਸਾਤੀ ਪਾਣੀ ਦੀ ਨਿਕਾਸੀ ਮੁਸ਼ਕਿਲ ਬਣ ਗਈ ਹੈ | ਇੱਥੇ ਇਹ ਵੀ ਵਰਨਣਯੋਗ ਹੈ ਕਿ ਇਸ ਮੰਡੀ ਲਈ ਇਸ ਸਮੇਂ ਅਲੱਗ ਤੌਰ 'ਤੇ ਕੋਈ ਵੀ ਡਰੇਨੇਜ ਸਿਸਟਮ ਕੰਮ ਨਹੀਂ ਕਰ ਰਿਹਾ, ਸਗੋਂ ਇਸ ਦੇ ਪਾਣੀ ਨੂੰ ਨਗਰ ਕੌਂਸਲ ਦੇ ਸੀਵਰੇਜ ਨਾਲ ਹੀ ਜੋੜ ਕੇ ਕੰਮ ਚਲਾਇਆ ਜਾ ਰਿਹਾ ਹੈ | ਜਿਸ ਦੇ ਨਤੀਜੇ ਵਜੋਂ ਪਾਣੀ ਦਾ ਫਲੋ ਵਧਣ ਸਮੇਂ ਬਹੁਤਾ ਪਾਣੀ ਓਵਰਫਲੋ ਹੋ ਕੇ ਮੰਡੀ ਵਿਚ ਹੀ ਭਰ ਜਾਂਦਾ ਹੈ | ਕਿਸਾਨ ਰੋਜ਼ ਰੋਜ਼ ਦੇ ਇਸ ਨੁਕਸਾਨ ਤੋਂ ਤੰਗ ਆ ਚੁੱਕੇ ਹਨ | ਇਸ ਸਮੱਸਿਆ ਨੂੰ ਲੈ ਕੇ ਕਿਸਾਨਾਂ ਵਲੋਂ ਮੰਗ ਕੀਤੀ ਗਈ ਹੈ ਕਿ ਮੰਡੀ ਵਿਚ ਪੱਕਾ ਡਰੇਨੇਜ ਸਿਸਟਮ ਬਣਾਇਆ ਜਾਵੇ, ਪੁਰਾਣੇ ਖੂਹਾਂ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ ਅਤੇ ਸ਼ਹਿਰੀ ਗੰਦੇ ਪਾਣੀ ਦੇ ਨਿਕਾਸ ਨੂੰ ਮੰਡੀ ਤੋਂ ਹਟਾਇਆ ਜਾਵੇ ਤਾਂ ਜੋ ਕਿਸਾਨ ਆਪਣੇ ਉਤਪਾਦਾਂ ਨੂੰ ਖ਼ਰਾਬ ਹੋਣ ਤੋਂ ਬਚਾ ਸਕਣ |