ਫ਼ਤਹਿਗੜ੍ਹ ਸਾਹਿਬ, 17 ਜੂਨ (ਮਨਪ੍ਰੀਤ ਸਿੰਘ)-ਆਮ ਆਦਮੀ ਕਲੀਨਿਕਾਂ ਵਿਚ ਗਰਭਵਤੀ ਔਰਤਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਕਲੀਨਿਕਾਂ 'ਤੇ ਤਾਇਨਾਤ ਡਾਕਟਰਾਂ ਨੂੰ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਦੀ ਅਗਵਾਈ ਹੇਠ ਸਟੇਟ ਪੱਧਰ ਤੋਂ ਕੰਸਲਟੈਂਟ ਪੀ ਡੀ.ਸੀ ਡਾ. ਦਿਵਜੋਤ ਤੇ ਹੋਰਾਂ ਵਲੋਂ ਇਕ ਰੋਜ਼ਾ ਸਿਖਲਾਈ ਦਿੱਤੀ ਗਈ | ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਦੱਸਿਆ ਕਿ ਇਨਟੈੱਗਰੇਸ਼ਨ ਆਫ਼ ਪ੍ਰਾਇਮਰੀ ਹੈਲਥ ਕੇਅਰ ਸਰਵਿਸਿਜ਼ ਐਟ ਆਮ ਆਦਮੀ ਕਲੀਨਿਕ ਵਿਸ਼ੇ 'ਤੇ ਜ਼ਿਲੇ੍ਹ ਦੇ 20 ਆਮ ਆਦਮੀ ਕਲੀਨਿਕਾਂ 'ਤੇ ਤਾਇਨਾਤ ਡਾਕਟਰਾਂ ਨੂੰ ਇਕ ਰੋਜ਼ਾ ਸਿਖਲਾਈ ਦਿੱਤੀ ਗਈ ਹੈ ਤੇ ਹੁਣ ਇਹ ਡਾਕਟਰ ਆਮ ਆਦਮੀ ਕਲੀਨਿਕਾਂ ਵਿਚ ਆਮ ਲੋਕਾਂ ਨੂੰ ਹੋਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਨਾਲ ਨਾਲ ਗਰਭਵਤੀ ਔਰਤਾਂ ਨੂੰ ਵੀ ਸਿਹਤ ਸੇਵਾਵਾਂ ਪ੍ਰਦਾਨ ਕਰਨਗੇ | ਸਿਵਲ ਸਰਜਨ ਨੇ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਵਿਚ ਜਿਥੇ ਗਰਭਵਤੀ ਔਰਤਾਂ ਨੂੰ ਹੋਰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣਗੀਆਂ, ਉੱਥੇ ਗਰਭਵਤੀ ਔਰਤਾਂ ਦੀ ਮੌਤ ਦਰ ਨੂੰ ਵੀ ਹੋਰ ਘਟਾਇਆ ਜਾ ਸਕੇਗਾ | ਉਨ੍ਹਾਂ ਕਿਹਾ ਕਿ ਜ਼ਮੀਨੀ ਪੱਧਰ 'ਤੇ ਮਾਵਾਂ ਅਤੇ ਪ੍ਰਜਨਨ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਵੱਲ ਇਹ ਇਕ ਮਹੱਤਵਪੂਰਨ ਕਦਮ ਸਿੱਧ ਹੋਵੇਗਾ | ਉਨ੍ਹਾਂ ਦੱਸਿਆ ਕਿ ਇਸ ਟਰੇਨਿੰਗ ਦਾ ਮੁੱਖ ਮੰਤਵ ਗਰਭ ਅਵਸਥਾ ਦੀ ਛੇਤੀ ਰਜਿਸਟ੍ਰੇਸ਼ਨ, ਜਣੇਪੇ ਦੀ ਤਿਆਰੀ, ਜਣੇਪੇ ਤੋਂ ਬਾਅਦ ਦੀ ਦੇਖਭਾਲ, ਪਰਿਵਾਰ ਨਿਯੋਜਨ ਵਿਚ ਵਿਧੀ ਮਿਸ਼ਰਨ ਪਹੁੰਚ ਅਤੇ ਉੱਚ ਜੋਖ਼ਮ ਵਾਲੇ ਮਾਮਲਿਆਂ ਨੂੰ ਸੰਭਾਲਣ 'ਤੇ ਜ਼ੋਰ ਦਿੱਤਾ ਗਿਆ ਹੈ | ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਰਿਤਾ, ਸੀਨੀਅਰ ਮੈਡੀਕਲ ਅਫ਼ਸਰ ਡਾ. ਕੰਵਲਦੀਪ ਸਿੰਘ, ਡਾ. ਅਲੀਸਾ, ਡਾ. ਦਿਵਜੋਤ, ਡਾ. ਪੁਨੀਤ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਡਾ. ਕਸੀਤਿਜ ਸੀਮਾ ਹਾਜ਼ਰ ਸਨ |