ਫ਼ਤਹਿਗੜ੍ਹ ਸਾਹਿਬ, 17 ਜੂਨ (ਬਲਜਿੰਦਰ ਸਿੰਘ)-ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਵਲੋਂ 21 ਜੂਨ ਨੂੰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਬਧੌਛੀ ਕਲਾਂ ਵਿਖੇ 'ਰੁੱਖ ਲਗਾਓ' ਮੁਹਿੰਮ ਦੀ ਸ਼ੁਰੂਆਤ ਕਰਨ ਸਬੰਧੀ ਵੱਖ-ਵੱਖ ਨਰਸਰੀਆਂ ਤੋਂ ਰੁੱਖ ਲਿਆਉਣ ਲਈ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਚ ਦੇ ਸਰਪ੍ਰਸਤ, ਭਾਜਪਾ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਦੱਸਿਆ ਕਿ 21 ਜੂਨ ਨੂੰ ਪਿੰਡ ਬਧੌਛੀ ਕਲਾਂ ਵਿਖੇ ਰੁੱਖ ਲਗਾਓ ਮੁਹਿੰਮ ਦੇ ਵਿਸ਼ੇਸ਼ ਸਮਾਗਮ ਲਈ ਖੰਨਾ ਦੀ ਨਰਸਰੀ 'ਚੋਂ ਇਕ ਹਜ਼ਾਰ ਦੇ ਕਰੀਬ ਵੱਖ-ਵੱਖ ਕਿਸਮਾਂ ਦੇ ਰੁੱਖ, ਜਿਨ੍ਹਾਂ ਵਿਚ ਨਿੰਮ, ਡੇਕ, ਜ਼ਾਮਨ, ਅੰਬ, ਅਮਰੂਦ, ਟਾਹਲੀ, ਏਸ਼ੀਆ ਗਲੋਕਾ ਬੋਤਲ ਬੁਰਸ਼, ਆਮਲਾ, ਇਮਲੀ, ਸੁਖਚੈਨ, ਪਿੱਪਲ, ਬਰੋਟਾ ਆਦਿ ਰੁੱਖ ਲਿਆਂਦੇ ਗਏ ਹਨ | ਜਿਸ ਦੌਰਾਨ ਸੰਤ ਬਾਬਾ ਦਰਸ਼ਨ ਸਿੰਘ ਤਪੋਬਨ ਢੱਕੀ ਸਾਹਿਬ ਮਕਸੂਦੜਾ ਵਾਲੇ ਤ੍ਰਵੈਣੀ ਦਾ ਪੌਦਾ ਲਗਾ ਕੇ 'ਰੁੱਖ ਲਗਾਓ' ਮੁਹਿੰਮ ਦੀ ਸ਼ੁਰੂਆਤ ਕਰਵਾਉਣਗੇ | ਇਸ ਮੌਕੇ ਜੰਗਲਾਤ ਵਿਭਾਗ ਦੇ ਗਾਰਡ ਆਸ਼ਾ ਰਾਣੀ ਖੰਨਾ, ਜਸਪ੍ਰੀਤ ਕੌਰ ਜੱਸੀ ਲਿਬੜਾ, ਸੋਨੀ ਲਾਲ ਬੇਲਦਾਰ, ਜਗਦੇਵ ਸਿੰਘ ਅਲੂਣਾ, ਨਰਸਰੀ ਇੰਚਾਰਜ ਅਭਿਸ਼ੇਕ ਸ਼ਰਮਾ ਵੀ ਹਾਜ਼ਰ ਸਨ | ਡਾ. ਲਾਲ ਨੇ ਜ਼ਿਲ੍ਹਾ ਜੰਗਲਾਤ ਅਫ਼ਸਰ ਰਾਜੇਸ਼ ਗੁਲਾਟੀ, ਰੇਂਜ ਅਫ਼ਸਰ ਖੰਨਾ ਕਮਲਪ੍ਰੀਤ ਸਿੰਘ ਅਤੇ ਬਲਾਕ ਅਫ਼ਸਰ ਤੀਰਥ ਸਿੰਘ ਦਾ ਚੇਤਨਾ ਮੰਚ ਨੂੰ ਸਹਿਯੋਗ ਦੇਣ ਬਦਲੇ ਧੰਨਵਾਦ ਵੀ ਕੀਤਾ | ਇਸ ਮੌਕੇ 'ਤੇ ਬਲਦੇਵ ਸਿੰਘ ਚੋਰਵਾਲਾ, ਅਸ਼ੋਕ ਕੰਡਾ, ਦਵਿੰਦਰ ਵਰਮਾ, ਸੁਨੀਲ ਵਰਮਾ, ਰਣਧੀਰ ਸਿੰਘ ਧੀਰਾ, ਲੰਗਰ ਕਮੇਟੀ ਦੇ ਚੇਅਰਮੈਨ ਦਰਸ਼ਨ ਸਿੰਘ ਕੋਟਲਾ ਬਜਵਾੜਾ, ਗੁਰਤੇਜ ਸਿੰਘ ਭਾਗਨਪੁਰ, ਗੁਰਦੀਪ ਸਿੰਘ ਭਾਗਨਪੁਰ ਵੀ ਹਾਜ਼ਰ ਸਨ |