ਅਮਲੋਹ, 17 ਜੂਨ (ਅੰਮਿ੍ਤ ਸਿੰਘ ਸ਼ੇਰਗਿੱਲ)-ਜਿਵੇਂ ਪਿਛਲੇ ਸਾਲ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ 7 ਲੱਖ ਬੂਟੇ ਲਗਾਏ ਗਏ, ਪਰ ਇਨ੍ਹਾਂ 'ਚੋਂ ਬਹੁਤੇ ਬੂਟੇ ਸਹੀ ਸੰਭਾਲ ਨਾ ਹੋਣ ਕਾਰਨ ਕੁਝ ਸਮੇਂ ਬਾਅਦ ਹੀ ਮਰ ਗਏ, ਓਵੇਂ ਹੀ ਇਸ ਸਾਲ ਇਹ ਗਿਣਤੀ ਸਿਰਫ਼ ਕਾਗ਼ਜ਼ਾਂ ਵਿਚ ਹੀ ਨਾ ਰਹਿ ਜਾਵੇ, ਇਸ ਲਈ ਬੂਟਿਆਂ ਦੀ ਸੰਭਾਲ ਲਈ ਸਹੀ ਰਣਨੀਤੀ ਘੜਨ ਦੀ ਲੋੜ ਹੈ | ਇਹ ਆਵਾਜ਼ ਕੈਪਟਨ ਜਸਵੰਤ ਸਿੰਘ ਬਾਜਵਾ ਨੇ ਲਿਖਤੀ ਬਿਆਨ ਵਿਚ ਬੜੀ ਗੰਭੀਰਤਾ ਨਾਲ ਉਠਾਈ ਹੈ | ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਤੇ ਜ਼ਿਲ੍ਹਾ ਸੈਨਿਕ ਬੋਰਡ ਦੇ ਮੈਂਬਰ ਕੈਪਟਨ ਬਾਜਵਾ ਨੇ ਗੱਲਬਾਤ ਦੌਰਾਨ ਕਿਹਾ ਕਿ ਰੁੱਖ ਲਗਾਉਣੇ ਜਿੰਨੇ ਜ਼ਰੂਰੀ ਹਨ, ਉਨ੍ਹਾਂ ਦੀ ਰੱਖਿਆ ਅਤੇ ਸੰਭਾਲ ਉਸ ਤੋਂ ਵੀ ਵੱਧ ਜ਼ਰੂਰੀ ਹੈ | ਹਰ ਸਾਲ ਲੱਖਾਂ ਰੁਪਏ ਬੂਟੇ ਲਗਾਉਣ 'ਤੇ ਖ਼ਰਚ ਕਰ ਦਿੱਤੇ ਜਾਂਦੇ ਹਨ, ਪਰ ਜੇ ਉਹ ਬਚਣ ਹੀ ਨਾ ਤਾਂ ਇਹ ਉਪਰਾਲੇ ਨਿਰਾਰਥਕ ਹਨ | ਉਨ੍ਹਾਂ ਚਿੰਤਾ ਜਤਾਈ ਕਿ ਗੁੱਜਰਾਂ ਦੀਆਂ ਮੱਝਾਂ ਦੇ ਝੁੰਡ ਅਤੇ ਆਵਾਰਾ ਪਸ਼ੂ ਸੜਕਾਂ, ਨਹਿਰਾਂ, ਸੂਇਆਂ ਅਤੇ ਖ਼ਾਲੀ ਜ਼ਮੀਨਾਂ 'ਤੇ ਲਗਾਏ ਗਏ ਬੂਟਿਆਂ ਨੂੰ ਖਾ ਜਾਂਦੇ ਹਨ ਤੇ ਥੋੜੇ੍ਹ ਵੱਡੇ ਬੂਟਿਆਂ ਨੂੰ ਤੋੜੇ ਜਾਂਦੇ ਹਨ, ਜ਼ਿਲ੍ਹੇ ਦੇ ਕਈ ਹਿੱਸਿਆਂ 'ਚ ਨਹਿਰਾਂ ਅਤੇ ਸੂਇਆਂ ਦੇ ਕੰਢਿਆਂ ਨੂੰ ਆਵਾਰਾ ਪਸ਼ੂ ਰੋਜ਼ਾਨਾ ਤਬਾਹ ਕਰ ਰਹੇ ਹਨ | ਇਹ ਨਾ ਸਿਰਫ਼ ਹਰਿਆਲੀ ਮੁਹਿੰਮ ਨੂੰ ਨੁਕਸਾਨ ਪਹੁੰਚਾ ਰਹੇ ਹਨ, ਸਗੋਂ ਪਾਣੀ ਦੇ ਕੁਦਰਤੀ ਸੋਮਿਆਂ ਨੂੰ ਵੀ ਗੰਦਾ ਕਰ ਰਹੇ ਹਨ | ਕੈਪਟਨ ਬਾਜਵਾ ਨੇ ਕਿਹਾ ਕਿ ਜਦ ਤੱਕ ਆਵਾਰਾ ਪਸ਼ੂਆਂ ਅਤੇ ਗੁੱਜਰਾਂ ਦੀਆਂ ਮੱਝਾਂ ਸਬੰਧੀ ਠੋਸ ਤੇ ਯੋਗ ਨੀਤੀਆਂ ਨਹੀਂ ਬਣਾਈਆਂ ਜਾਂਦੀਆਂ, ਉਦੋਂ ਤੱਕ ਲਗਾਏ ਗਏ ਬੂਟਿਆਂ ਦੇ ਰੁੱਖ ਬਣਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਪਸ਼ੂਆਂ ਵਲੋਂ ਹੋ ਰਹੇ ਨੁਕਸਾਨ ਨੂੰ ਰੋਕਣ ਲਈ ਤੁਰੰਤ ਢੁਕਵੇਂ ਇੰਤਜ਼ਾਮ ਕੀਤੇ ਜਾਣ ਤਾਂ ਜੋ ਰੁੱਖਾਂ ਦੀ ਸੰਭਾਲ ਹੋ ਸਕੇ |