ਫ਼ਤਹਿਗੜ੍ਹ ਸਾਹਿਬ, 19 ਜੂਨ (ਬਲਜਿੰਦਰ ਸਿੰਘ)-ਜ਼ਿਲ੍ਹਾ ਲਿਖਾਰੀ ਸਭਾ ਫ਼ਤਹਿਗੜ੍ਹ ਸਾਹਿਬ ਦੀ ਮਹੀਨਾਵਾਰ ਇਕੱਤਰਤਾ ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ ਸਰਹਿੰਦ ਮੰਡੀ ਵਿਖੇ ਸਭਾ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ ਦੀ ਅਗਵਾਈ ਹੇਠ ਹੋਈ | ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ ਦੇ ਨਾਲ ਮੀਤ ਪ੍ਰਧਾਨ ਪ੍ਰੋ. ਸਾਧੂ ਸਿੰਘ ਪਨਾਗ ਵੀ ਸ਼ਾਮਿਲ ਸਨ | ਸਭਾ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਗੋਪਾਲੋਂ ਨੇ ਮੰਚ ਸੰਚਾਲਨ ਕੀਤਾ | ਇਕੱਤਰਤਾ ਦੌਰਾਨ ਸਭ ਤੋਂ ਪਹਿਲਾਂ ਪਿਛਲੇ ਦਿਨੀਂ ਅਹਿਮਦਾਬਾਦ ਵਿਚ ਵਾਪਰੇ ਹਵਾਈ ਹਾਦਸੇ ਦੌਰਾਨ ਮਾਰੇ ਗਏ ਯਾਤਰੀਆਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਧਾਰਨ ਕਰਕੇ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ | ਉਪਰੰਤ ਇਕੱਤਰਤਾ ਵਿਚ ਪਹਿਲੀ ਵਾਰ ਸ਼ਾਮਿਲ ਹੋਏ ਸੇਵਾ ਮੁਕਤ ਲੈਕਚਰਾਰ ਨਾਹਰ ਸਿੰਘ ਦਾ ਵਿਸ਼ੇਸ਼ ਤੌਰ 'ਤੇ ਸਵਾਗਤ ਕੀਤਾ ਗਿਆ | ਰਚਨਾਵਾਂ ਦੇ ਦੌਰ ਵਿਚ ਕਵੀ ਭਾਈ ਰਣਜੀਤ ਸਿੰਘ, ਅਜਮੇਰ ਸਿੰਘ ਮਾਨ, ਜਸਵਿੰਦਰ ਸਿੰਘ, ਬਲਤੇਜ ਸਿੰਘ ਬਠਿੰਡਾ, ਗੁਰਪ੍ਰੀਤ ਸਿੰਘ ਬਰਗਾੜੀ, ਪਿ੍ਤਪਾਲ ਸਿੰਘ ਭੜੀ, ਰਵਿੰਦਰ ਸਿੰਘ, ਅਮਰਬੀਰ ਸਿੰਘ ਚੀਮਾ, ਹਰਜਿੰਦਰ ਸਿੰਘ ਗੋਪਾਲੋਂ ਤੇ ਪਰਮਜੀਤ ਕੌਰ ਸਰਹਿੰਦ ਵਲੋਂ ਆਪੋ-ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ | ਅੰਤ ਵਿਚ ਸਭਾ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ ਨੇ ਪੜ੍ਹੀਆਂ ਰਚਨਾਵਾਂ ਦੀ ਪੜਚੋਲ ਕੀਤੀ ਅਤੇ ਪਹੁੰਚੇ ਕਵੀਆਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਬੀਬੀ ਸਰਹਿੰਦ ਨੇ ਨੌਜਵਾਨਾਂ ਨੂੰ ਸਾਹਿੱਤ ਨਾਲ ਜੁੜਨ ਦੀ ਅਪੀਲ ਵੀ ਕੀਤੀ |