ਫ਼ਤਹਿਗੜ੍ਹ ਸਾਹਿਬ, 19 ਜੂਨ (ਬਲਜਿੰਦਰ ਸਿੰਘ)-ਬੀਤੀ 12 ਜੂਨ ਨੂੰ ਅਹਿਮਦਾਬਾਦ ਵਿਚ ਵਾਪਰੇ ਵੱਡੇ ਜਹਾਜ਼ ਹਾਦਸੇ, ਜਿਸ ਵਿਚ ਸੈਂਕੜੇ ਯਾਤਰੀਆਂ ਦੀ ਮੌਤ ਹੋ ਗਈ ਸੀ, ਇਸ ਦੁਖਦਾਇਕ ਘਟਨਾ ਪ੍ਰਤੀ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕੇਂਦਰ ਸਰਕਾਰ ਅਤੇ ਕੇਂਦਰੀ ਸ਼ਹਿਰੀ ਆਵਾਜਾਈ ਮੰਤਰੀ ਪਾਸੋਂ ਮੰਗ ਕੀਤੀ ਕਿ ਏਅਰ ਇੰਡੀਆ ਕੰਪਨੀ ਦੇ ਸਾਰੇ ਜਹਾਜ਼ਾਂ ਦੀ ਪੂਰੀ ਤਕਨੀਕੀ ਜਾਂਚ ਤੋਂ ਬਾਅਦ ਹੀ ਆਵਾਜਾਈ ਲਈ ਇਜਾਜ਼ਤ ਦਿੱਤੀ ਜਾਵੇ, ਕਿਉਂਕਿ ਪਿਛਲੇ ਇਕ ਮਹੀਨੇ ਵਿਚ ਲਗਪਗ ਪੰਜ ਹਾਦਸੇ ਏਅਰ ਇੰਡੀਆ ਕੰਪਨੀ ਦੇ ਜਹਾਜ਼ਾਂ ਨਾਲ ਵਾਪਰ ਚੁੱਕੇ ਹਨ, ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ | ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਪ੍ਰਬੰਧਕੀ ਬਲਾਕ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰੋ. ਬਡੂੰਗਰ ਨੇ ਕਿਹਾ ਕਿ ਹਵਾਈ ਜਹਾਜ਼ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਅਜਿਹੇ ਮੰਦਭਾਗੇ ਤੇ ਦੁਖਦਾਇਕ ਹਾਦਸੇ ਭਵਿੱਖ ਵਿਚ ਨਾ ਵਾਪਰਨ, ਇਸ ਲਈ ਕੇਂਦਰੀ ਸ਼ਹਿਰੀ ਆਵਾਜਾਈ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਏਅਰ ਇੰਡੀਆ ਕੰਪਨੀ ਦੇ ਸਾਰੇ ਜਹਾਜ਼ਾਂ ਦੀ ਪੂਰੀ ਤਰ੍ਹਾਂ ਤਕਨੀਕੀ ਤੌਰ 'ਤੇ ਜਾਂਚ ਕਰਵਾਉਣ ਅਤੇ ਤਕਨੀਕੀ ਖ਼ਾਮੀਆਂ ਦੂਰ ਹੋਣ ਮਗਰੋਂ ਹੀ ਜਹਾਜ਼ਾਂ ਨੂੰ ਆਵਾਜਾਈ ਦੀ ਇਜਾਜ਼ਤ ਦੇਣ | ਇਸ ਮੌਕੇ 'ਤੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ, ਮੀਤ ਮੈਨੇਜਰ ਜਗਜੀਤ ਸਿੰਘ ਜੱਗਾ, ਸੁਪਰਵਾਈਜ਼ਰ ਜੋਗਾ ਸਿੰਘ, ਅਕਾਲੀ ਆਗੂ ਨਰਿੰਦਰ ਸਿੰਘ ਰਸੀਦਪੁਰ ਵੀ ਹਾਜ਼ਰ ਸਨ |